ਗਗਨਯਾਨ: ਇਸਰੋ ਵੱਲੋਂ ਟੈਸਟ ਵਾਹਨ ਦਾ ਸਫ਼ਲ ਪ੍ਰੀਖਣ

ਗਗਨਯਾਨ: ਇਸਰੋ ਵੱਲੋਂ ਟੈਸਟ ਵਾਹਨ ਦਾ ਸਫ਼ਲ ਪ੍ਰੀਖਣ

ਗਗਨਯਾਨ: ਇਸਰੋ ਵੱਲੋਂ ਟੈਸਟ ਵਾਹਨ ਦਾ ਸਫ਼ਲ ਪ੍ਰੀਖਣ
ਸ੍ਰੀਹਰੀਕੋਟਾ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕੁਝ ਸ਼ੁਰੂਆਤੀ ਅੜਿੱਕਿਆਂ ਨੂੰ ਦੂਰ ਕਰਦਿਆਂ ਦੇਸ਼ ਦੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ‘ਗਗਨਯਾਨ’ ਨਾਲ ਜੁੜੇ ਪੇਲੋਡ ਸਣੇ ਉਡਾਣ ਭਰਨ ਵਾਲੇ ਟੈਸਟ ਵਾਹਨ ਨੂੰ ਅੱਜ ਸਫ਼ਲਤਾਪੂਰਬਕ ਦਾਗ਼ਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਨਿ ਸਣੇ ਕਈ ਆਗੂਆਂ ਨੇ ਇਸ ਸਫ਼ਲਤਾ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਵਿਗਿਆਨੀਆਂ ਨੇ ਟੀਵੀ-ਡੀ1 ਟੈਸਟ ਵਾਹਨ ਤੋਂ ਕ੍ਰਿਊ ਮਾਡਿਊਲ (ਜਿਸ ’ਚ ਪੁਲਾੜ ਯਾਤਰੀ ਸਵਾਰ ਹੋਣਗੇ) ਨੂੰ ਬਾਹਰੀ ਪੁਲਾੜ ’ਚ ਦਾਗ਼ਣ ਮਗਰੋਂ ਵਾਪਸ ਸੁਰੱਖਿਅਤ ਲਿਆਉਣ ਲਈ ‘ਕ੍ਰਿਊ ਐਸਕੇਪ ਸਿਸਟਮ’ ਦਾ ਪ੍ਰੀਖਣ ਕੀਤਾ। ਤੈਅ ਯੋਜਨਾ ਮੁਤਾਬਕ ‘ਕ੍ਰਿਊ ਮਾਡਿਊਲ’ ਅਤੇ ‘ਕ੍ਰਿਊ ਐਸਕੇਪ ਸਿਸਟਮ’ ਦੇ ਬੰਗਾਲ ਦੀ ਖਾੜੀ ’ਚ ਸੁਰੱਖਿਅਤ ਅਤੇ ਸਟੀਕ ਢੰਗ ਨਾਲ ਡਿੱਗਣ ’ਤੇ ਮਿਸ਼ਨ ਕੰਟਰੋਲ ਕੇਂਦਰ ’ਚ ਇਸਰੋ ਦੇ ਵਿਗਿਆਨੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ‘ਕ੍ਰਿਊ ਮਾਡਿਊਲ’ ਉਹ ਸਥਾਨ ਹੈ ਜਿਥੇ ਗਗਨਯਾਨ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੂੰ ਪੁਲਾੜ ’ਚ ਦਬਾਅਮੁਕਤ ਪ੍ਰਿਥਵੀ ਜਿਹੇ ਮਾਹੌਲ ਵਿਚਕਾਰ ਰੱਖਿਆ ਜਾਣਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਲ ਸੈਨਾ ਨੇ ਉਨ੍ਹਾਂ ਨੂੰ ਬੰਗਾਲ ਦੀ ਖਾੜੀ ਤੋਂ ਚੇਨੱਈ ਬੰਦਰਗਾਹ ਪਹੁੰਚਾ ਦਿੱਤਾ ਹੈ। ਇਸਰੋ ਚੇਅਰਮੈਨ ਐੱਸ ਸੋਮਨਾਥ ਨੇ ਮਿਸ਼ਨ ਕੰਟਰੋਲ ਸੈਂਟਰ ਤੋਂ ਕਿਹਾ ਕਿ ਉਨ੍ਹਾਂ ਨੂੰ ਟੀਵੀ-ਡੀ1 ਮਿਸ਼ਨ ਦੀ ਸਫ਼ਲਤਾ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ। ਇਸਰੋ ਦਾ ਉਦੇਸ਼ ਤਿੰਨ ਦਿਨਾਂ ਗਗਨਯਾਨ ਮਿਸ਼ਨ ਲਈ ਮਨੁੱਖ ਨੂੰ 400 ਕਿਲੋਮੀਟਰ ਦੇ ਪ੍ਰਿਥਵੀ ਦੇ ਹੇਠਲੇ ਪੰਧ ’ਤੇ ਪੁਲਾੜ ’ਚ ਭੇਜਣਾ ਅਤੇ ਪ੍ਰਿਥਵੀ ’ਤੇ ਸੁਰੱਖਿਅਤ ਵਾਪਸ ਲਿਆਉਣਾ ਹੈ। ਇਹ ਪ੍ਰੀਖਣ ਸਵੇਰੇ ਅੱਠ ਵਜੇ ਹੋਣਾ ਸੀ ਪਰ ਮੌਸਮ ਸਬੰਧੀ ਮੁੱਦਿਆਂ ਕਾਰਨ ਇਸ ਦਾ ਸਮਾਂ ਪਹਿਲਾਂ ਸਵੇਰੇ ਸਾਢੇ ਅੱਠ ਵਜੇ ਅਤੇ ਫਿਰ 15 ਹੋਰ ਮਿੰਟਾਂ ਲਈ ਵਧਾਉਣਾ ਪਿਆ। ਪਹਿਲੇ ਪੜਾਅ ਵਾਲਾ ਤਰਲ ਪ੍ਰੋਪੈਲਡ ਰਾਕੇਟ ਜਿਵੇਂ ਹੀ ਅਸਮਾਨ ਵੱਲ ਉਡਾਣ ਭਰਨ ਵਾਲਾ ਸੀ ਤਾਂ ਉਸ ਤੋਂ ਸਿਰਫ਼ ਚਾਰ ਸਕਿੰਟ ਪਹਿਲਾਂ ਸਕਰੀਨ ’ਤੇ ਹੋਲਡ ਦਾ ਸੰਕੇਤ ਦਿਖਣ ਲੱਗ ਪਿਆ ਸੀ। ਸੋਮਨਾਥ ਨੇ ਦੱਸਿਆ ਕਿ ਕੰਪਿਊਟਰ ਨੇ ਇੰਜਣ ਨੂੰ ਤੈਅ ਪ੍ਰਕਿਰਿਆ ਮੁਤਾਬਕ ਚਾਲੂ ਕਰਨ ’ਚ ਕਿਸੇ ਖਾਮੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਨੇ ਖਾਮੀ ਦਾ ਤੇਜ਼ੀ ਨਾਲ ਪਤਾ ਲਾ ਕੇ ਉਸ ਨੂੰ ਠੀਕ ਕੀਤਾ। ਇਸਰੋ ਮੁਖੀ ਨੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਟੀਮ ਨੇ ਖਾਮੀ ਦਾ ਪਤਾ ਲਗਾ ਕੇ ਫੌਰੀ ਉਸ ਨੂੰ ਦੂਰ ਕੀਤਾ। ਉਨ੍ਹਾਂ ਕਿਹਾ ਕਿ ਗਗਨਯਾਨ ਪ੍ਰੋਗਰਾਮ ਦੀ ਤਿਆਰੀ ਲਈ ਇਹ ਹਰ ਕਿਸੇ ਵਾਸਤੇ ਵੱਡਾ ਪ੍ਰੀਖਣ ਹੈ।

Radio Mirchi