ਐੱਸਜੀਪੀਸੀ: ਜਨਰਲ ਇਜਲਾਸ ’ਚ ਬਾਦਲ ਧੜੇ ਨੂੰ ਚੁਣੌਤੀ ਦੇਣਗੀਆਂ ਵਿਰੋਧੀ ਧਿਰਾਂ

ਐੱਸਜੀਪੀਸੀ: ਜਨਰਲ ਇਜਲਾਸ ’ਚ ਬਾਦਲ ਧੜੇ ਨੂੰ ਚੁਣੌਤੀ ਦੇਣਗੀਆਂ ਵਿਰੋਧੀ ਧਿਰਾਂ

ਐੱਸਜੀਪੀਸੀ: ਜਨਰਲ ਇਜਲਾਸ ’ਚ ਬਾਦਲ ਧੜੇ ਨੂੰ ਚੁਣੌਤੀ ਦੇਣਗੀਆਂ ਵਿਰੋਧੀ ਧਿਰਾਂ
ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ 8 ਨਵੰਬਰ ਨੂੰ ਹੋਣ ਵਾਲੇ ਇਜਲਾਸ ਵਿੱਚ ਹਾਕਮ ਧਿਰ ਦੇ ਏਕਾਅਧਿਕਾਰ ਨੂੰ ਚੁਣੌਤੀ ਦੇਣ ਲਈ ਵਿਰੋਧੀ ਧਿਰਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵੀ ਇਸ ਸਾਲ ਦੇ ਅੰਤ ਵਿੱਚ ਜਾਂ ਅਗਲੇ ਵਰ੍ਹੇ ਵਿੱਚ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ 8 ਨਵੰਬਰ ਨੂੰ ਹੋਣ ਵਾਲਾ ਜਨਰਲ ਇਜਲਾਸ ਮੌਜੂਦਾ ਹਾਊਸ ਦਾ ਆਖ਼ਰੀ ਇਜਲਾਸ ਹੋਵੇਗਾ। ਸ਼੍ਰੋਮਣੀ ਕਮੇਟੀ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਇਸ ਵੇਲੇ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਦੋਵੇਂ ਪਾਸਿਓਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਦੇ ਏਕਾਅਧਿਕਾਰ ਨੂੰ ਵਿਰੋਧੀ ਧਿਰਾਂ ਖ਼ਤਮ ਕਰਨ ਵਾਸਤੇ ਯਤਨਸ਼ੀਲ ਹਨ। ਇਹ ਸਾਰੀਆਂ ਧਿਰਾਂ ਆਉਣ ਵਾਲੀਆਂ ਆਗਾਮੀ ਚੋਣਾਂ ਅਤੇ ਮੌਜੂਦਾ ਇਜਲਾਸ ਦੌਰਾਨ ਵੀ ਬਾਦਲ ਧੜੇ ਨੂੰ ਚੁਣੌਤੀ ਦੇਣਗੀਆਂ।
ਮਿਲੇ ਵੇਰਵਿਆਂ ਮੁਤਾਬਕ ਬਾਦਲ ਵਿਰੋਧੀ ਧੜਿਆਂ ਵੱਲੋਂ 8 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਿੱਚ ਪ੍ਰਧਾਨ ਤੇ ਹੋਰ ਅਹੁਦਿਆਂ ਵਾਸਤੇ ਆਪਣੇ ਸਾਂਝੇ ਉਮੀਦਵਾਰ ਖੜ੍ਹੇ ਕਰਨ ਲਈ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਨ੍ਹਾਂ ਵਿਰੋਧੀ ਧਿਰਾਂ ਵੱਲੋਂ ਇਸ ਵਾਰ ਵੀ ਸਾਬਕਾ ਪ੍ਰਧਾਨ ਜਗੀਰ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਜਾ ਸਕਦਾ। ਪਿਛਲੇ ਸਾਲ ਵੀ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਵਿਰੋਧੀ ਧਿਰਾਂ ਵੱਲੋਂ ਜਗੀਰ ਕੌਰ ਨੂੰ ਪ੍ਰਧਾਨ ਦਾ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਮੌਜੂਦਾ ਹਾਊਸ ਵਿੱਚੋਂ 42 ਵੋਟਾਂ ਹਾਸਲ ਕੀਤੀਆਂ ਸਨ। ਵਿਰੋਧੀ ਧਿਰਾਂ ਕੋਲ ਮੌਜੂਦਾ ਹਾਊਸ ਵਿੱਚ 20 ਤੋਂ ਵੱਧ ਵੋਟਾਂ ਨਹੀਂ ਸਨ। ਸ਼੍ਰੋਮਣੀ ਕਮੇਟੀ ਵਿੱਚ ਵਿਰੋਧੀ ਧਿਰ ਦੇ ਮੈਂਬਰ ਵਜੋਂ ਸ਼ਾਮਲ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਜੋ ਕਿ ਅੰਤ੍ਰਿੰਗ ਕਮੇਟੀ ਮੈਂਬਰ ਵੀ ਹਨ, ਨੇ ਦੱਸਿਆ ਕਿ ਸਮੂਹ ਵਿਰੋਧੀ ਧਿਰਾਂ ਵੱਲੋਂ ਆਪਣਾ ਸਾਂਝਾ ਉਮੀਦਵਾਰ ਉਤਾਰਨ ਬਾਰੇ ਵਿਚਾਰ ਕੀਤਾ ਜਾ ਰਿਹਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਨ। ਉਹ ਪਿਛਲੇ ਵਰ੍ਹੇ ਵੀ ਸਿੱਖ ਸੰਸਥਾ ਦੇ ਪ੍ਰਧਾਨ ਸਨ। ਉਨ੍ਹਾਂ ਦੀ ਕਾਰਗੁਜ਼ਾਰੀ ਹੁਣ ਤੱਕ ਤਸੱਲੀਬਖ਼ਸ਼ ਰਹੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਲਈ ਅਗਲੇ ਉਮੀਦਵਾਰ ਵੀ ਹੋ ਸਕਦੇ ਹਨ।
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਵਿੱਚ ਕੁੱਲ 185 ਮੈਂਬਰਾਂ ਵਿੱਚੋਂ 29 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਮੈਂਬਰ ਅਸਤੀਫ਼ਾ ਦੇ ਚੁੱਕੇ ਹਨ। ਇਸ ਵੇਲੇ ਮੌਜੂਦਾ 153 ਮੈਂਬਰ 8 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨਗੇ। ਸਿੱਖ ਗੁਰਦੁਆਰਾ ਐਕਟ 1925 ਦੇ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਵਿੱਚੋਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਹਰ ਸਾਲ ਚੋਣ ਕੀਤੀ ਜਾਂਦੀ ਹੈ।

Radio Mirchi