ਬੁਰੇ ਲੋਕਾਂ ਕਾਰਨ ਸੰਵਿਧਾਨ ਵੀ ਬੇਮਾਅਨਾ ਹੋ ਸਕਦੈ: ਚੀਫ ਜਸਟਿਸ
ਬੁਰੇ ਲੋਕਾਂ ਕਾਰਨ ਸੰਵਿਧਾਨ ਵੀ ਬੇਮਾਅਨਾ ਹੋ ਸਕਦੈ: ਚੀਫ ਜਸਟਿਸ
ਨਵੀਂ ਦਿੱਲੀ-ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਕੋਈ ਸੰਵਿਧਾਨ ਭਾਵੇਂ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ ਉਹ ਉਦੋਂ ਹੀ ਚੰਗਾ ਸਾਬਤ ਹੋ ਸਕਦਾ ਹੈ ਜਦੋਂ ਇਸ ਦੇ ਕੰਮਕਾਰ ਲਈ ਜ਼ਿੰਮੇਵਾਰ ਲੋਕ ਚੰਗੇ ਹੋਣ। ਉਨ੍ਹਾਂ ਇਹ ਗੱਲ ਬੀ.ਆਰ. ਅੰਬੇਡਕਰ ਦਾ ਹਵਾਲਾ ਦਿੰਦਿਆਂ ਕਹੀ ਅਤੇ ਸੰਵਿਧਾਨ ਪ੍ਰਤੀ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਭਾਰਤ ’ਚ ਡੂੰਘੀਆਂ ਜੜ੍ਹਾਂ ਜਮ੍ਹਾਂ ਚੁੱਕੀ ਜਾਤੀ ਪ੍ਰਥਾ ਨੂੰ ਖਤਮ ਕਰ ਸਕਦੇ ਹਨ। ਉਹ ਬੀਤੇ ਦਿਨ ਅਮਰੀਕਾ ਦੀ ਬਰੈਂਡੇਈਸ ਯੂਨੀਵਰਸਿਟੀ ਵਿੱਚ ਡਾ. ਬੀ.ਆਰ. ਅੰਬੇਡਕਰ ਬਾਰੇ ਛੇਵੀਂ ਕੌਮਾਂਤਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੰਬੇਡਕਰ ਦੀ ਵਿਰਾਸਤ ਲਗਾਤਾਰ ਆਧੁਨਿਕ ਭਾਰਤ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਆਕਾਰ ਦੇ ਰਹੀ ਹੈ ਅਤੇ ਇਹ ਸਮਾਜਕ ਸੁਧਾਰ ਤੇ ਸਾਰਿਆਂ ਲਈ ਨਿਆਂ ਦੇ ਰਾਹ ਵਿੱਚ ਇੱਕ ਮਸ਼ਾਲ ਦੀ ਤਰ੍ਹਾਂ ਹੈ। ਇਸ ਮੌਕੇ ਉਨ੍ਹਾਂ ਡਾ. ਅੰਬੇਡਕਰ ਦਾ ਹਵਾਲਾ ਵੀ ਦਿੱਤਾ ਜਨਿ੍ਹਾਂ ਕਿਹਾ ਸੀ ਕਿ ਸੰਵਿਧਾਨ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਉਸ ਦਾ ਖਰਾਬ ਹੋਣਾ ਤੈਅ ਹੈ ਜੇਕਰ ਉਸ ਲਈ ਕੰਮ ਕਰਨ ਵਾਲੇ ਲੋਕ ਖਰਾਬ ਹੋਣ। ਲੰਘੇ ਸ਼ਨਿਚਰਵਾਰ ਨੂੰ ਹਾਵਰਡ ਲਾਅ ਸਕੂਲ ਵੱਲੋਂ ਚੀਫ ਜਸਟਿਸ ਚੰਦਰਚੂੜ ਦਾ ‘ਐਵਾਰਡ ਫਾਰ ਗਲੋਬਲ ਲੀਡਰਸ਼ਿਪ’ ਨਾਲ ਸਨਮਾਨ ਵੀ ਕੀਤਾ ਗਿਆ ਸੀ।