ਭਗਵੰਤ ਮਾਨ ਖ਼ਿਲਾਫ਼ ਟਿੱਪਣੀਆਂ ’ਤੇ ਬੰਟੀ ਰੋਮਾਣਾ ਗ੍ਰਿਫ਼ਤਾਰ

ਭਗਵੰਤ ਮਾਨ ਖ਼ਿਲਾਫ਼ ਟਿੱਪਣੀਆਂ ’ਤੇ ਬੰਟੀ ਰੋਮਾਣਾ ਗ੍ਰਿਫ਼ਤਾਰ

ਭਗਵੰਤ ਮਾਨ ਖ਼ਿਲਾਫ਼ ਟਿੱਪਣੀਆਂ ’ਤੇ ਬੰਟੀ ਰੋਮਾਣਾ ਗ੍ਰਿਫ਼ਤਾਰ
ਐੱਸਏਐੱਸ ਨਗਰ (ਮੁਹਾਲੀ)-ਸੂਫ਼ੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨਾਲ ਛੇੜਛਾੜ ਕਰਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੰਟੀ ਰੋਮਾਣਾ ਖ਼ਿਲਾਫ਼ ਸੂਫ਼ੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨੂੰ ਟੈਂਪਰ ਕਰਕੇ ਵੀਡੀਓ ਆਪਣੇ ਟਵਿੱਟਰ ਅਕਾਊਂਟ ’ਤੇ ਅਪਲੋਡ ਕਰਨ ਦਾ ਦੋਸ਼ ਹੈ, ਜਿਸ ਵਿੱਚ ਅਕਾਲੀ ਆਗੂ ਵੱਲੋਂ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਮੁਹਾਲੀ ਦੇ ਸੈਕਟਰ-70 ਸਥਿਤ ਮਟੌਰ ਥਾਣੇ ਵਿੱਚ ਬੰਟੀ ਰੋਮਾਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਐੱਸਐੱਸਪੀ ਨੂੰ ਮਿਲਣ ਮੁਹਾਲੀ ਪਹੁੰਚੇ ਅਤੇ ਬਾਅਦ ਵਿੱਚ ਉਨ੍ਹਾਂ ਅਕਾਲੀ ਵਰਕਰਾਂ ਨਾਲ ਮਟੌਰ ਥਾਣੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ, ਜੋ ਦੇਰ ਸ਼ਾਮ ਤੱਕ ਜਾਰੀ ਸੀ।
ਹਾਲਾਂਕਿ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਵੱਲੋਂ ਅਜਿਹਾ ਕੋਈ ਗੀਤ ਨਹੀਂ ਗਾਇਆ ਗਿਆ ਹੈ, ਬਲਕਿ ਉਸ ਦੇ ਗੀਤ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਬਾਰੇ ਉਸ ਨੂੰ ਵੀ ਬਾਅਦ ਵਿੱਚ ਪਤਾ ਲੱਗਾ ਹੈ। ਕੰਵਰ ਗਰੇਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਚੰਗੇ ਸੁਨੇਹੇ ਲਾਉਣ, ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਵਧੀਆ ਪਲੈਟਫਾਰਮ ਹੈ, ਇਸ ਦੀ ਸਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

Radio Mirchi