ਇਜ਼ਰਾਈਲ ਵੱਲੋਂ ਇਕ ਹੋਰ ਸ਼ਰਨਾਰਥੀ ਕੈਂਪ ’ਤੇ ਹਮਲਾ, ਕਈ ਮੌਤਾਂ ਦਾ ਖ਼ਦਸ਼ਾ
ਇਜ਼ਰਾਈਲ ਵੱਲੋਂ ਇਕ ਹੋਰ ਸ਼ਰਨਾਰਥੀ ਕੈਂਪ ’ਤੇ ਹਮਲਾ, ਕਈ ਮੌਤਾਂ ਦਾ ਖ਼ਦਸ਼ਾ
ਰਾਫ਼ਾਹ-ਗਾਜ਼ਾ ’ਚ ਹਮਾਸ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਨੇ ਦੋਸ਼ ਲਾਇਆ ਹੈ ਕਿ ਇਜ਼ਰਾਈਲ ਨੇ ਗਾਜ਼ਾ ਸਿਟੀ ਨੇੜੇ ਜਬਾਲੀਆ ਸ਼ਰਨਾਰਥੀ ਕੈਂਪ ਵਾਲੀ ਇਮਾਰਤ ’ਤੇ ਹਵਾਈ ਹਮਲਾ ਕੀਤਾ ਹੈ। ਲਗਾਤਾਰ ਦੂਜੇ ਦਿਨ ਇਕ ਹੋਰ ਸ਼ਰਨਾਰਥੀ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ’ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਉਧਰ ਦੋਹਰੇ ਪਾਸਪੋਰਟ ਵਾਲੇ ਦਰਜਨਾਂ ਲੋਕ ਗਾਜ਼ਾ ਤੋਂ ਰਾਫ਼ਾਹ ਲਾਂਘੇ ਰਾਹੀਂ ਮਿਸਰ ਪਹੁੰਚ ਗਏ ਹਨ। ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਵਿਦੇਸ਼ੀ ਪਾਸਪੋਰਟ ਧਾਰਕਾਂ ਨੂੰ ਗਾਜ਼ਾ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੌਰਾਨ ਪੰਜ ਦਿਨਾਂ ’ਚ ਦੂਜੀ ਵਾਰ ਸੰਚਾਰ ਅਤੇ ਇੰਟਰਨੈੱਟ ਸੇਵਾਵਾਂ ’ਚ ਕਟੌਤੀ ਮਗਰੋਂ ਉਨ੍ਹਾਂ ਨੂੰ ਹੌਲੀ-ਹੌਲੀ ਬਹਾਲ ਕਰ ਦਿੱਤਾ ਗਿਆ ਹੈ। ਮਾਨਵੀ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ ਨੇ ਚਤਿਾਵਨੀ ਦਿੱਤੀ ਹੈ ਕਿ ਅਜਿਹੇ ਬਲੈਕਆਊਟ ਨਾਲ ਗਾਜ਼ਾ ’ਚ ਰਾਹਤ ਕਾਰਜਾਂ ’ਚ ਹੋਰ ਅੜਿੱਕਾ ਪੈ ਸਕਦਾ ਹੈ। ਹਮਾਸ ਦੇ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ’ਚ ਮੌਤਾਂ ਦੀ ਗਿਣਤੀ ਵੱਧ ਕੇ 8525 ਹੋ ਗਈ ਹੈ। ਇਜ਼ਰਾਇਲੀ ਹਮਲਿਆਂ ਅਤੇ ਹਿੰਸਾ ’ਚ ਪੱਛਮੀ ਕੰਢੇ ’ਚ 122 ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ’ਚ 1400 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋਈ ਹੈ। ਲਬਿਨਾਨ ਦੇ ਕੰਮਚਲਾਊ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਕਿਹਾ ਕਿ ਹਮਾਸ-ਇਜ਼ਰਾਈਲ ਜੰਗ ਬੇਕਾਬੂ ਹੋਣ ਤੋਂ ਰੋਕਣ ਦੀ ਲੋੜ ਹੈ ਕਿਉਂਕਿ ਇਸ ਦਾ ਅਸਰ ਲਬਿਨਾਨ ਦੇ ਨਾਲ ਪੂਰੇ ਖ਼ਿੱਤੇ ’ਤੇ ਵੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜ ਦਿਨਾਂ ਲਈ ਜੰਗਬੰਦੀ ਦੀ ਲੋੜ ਹੈ ਤਾਂ ਜੋ ਮਸਲੇ ਦਾ ਪੱਕਾ ਹੱਲ ਕੱਢਿਆ ਜਾ ਸਕੇ ਅਤੇ ਕੈਦੀਆਂ ਦੀ ਅਦਲਾ-ਬਦਲੀ ਲਈ ਗੱਲਬਾਤ ਹੋ ਸਕੇ। ਇਜ਼ਰਾਇਲੀ ਯੂਨੀਵਰਸਿਟੀਆਂ ਦੇ ਮੁਖੀਆਂ ਨੇ ਯਹੂਦੀ ਮੁਲਕ ਦੇ ਵਿਰੋਧ ’ਤੇ ਚਿੰਤਾ ਜਤਾਉਂਦਿਆਂ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਨੂੰ ਚਿੱਠੀ ਲਿਖੀ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਬੋਲਣ ਦੀ ਆਜ਼ਾਦੀ ਸਾਰਿਆਂ ਦਾ ਹੱਕ ਹੈ ਪਰ ਨਫ਼ਰਤੀ ਭਾਸ਼ਣ ਜਾਂ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਹਮਾਸ ਦੇ ਹਮਲੇ ਮਗਰੋਂ ਅਮਰੀਕਾ ਅਤੇ ਯੂਰੋਪ ਦੀਆਂ ਯੂਨੀਵਰਸਿਟੀਆਂ ’ਚ ਤਣਾਅ ਦਾ ਮਾਹੌਲ ਬਣ ਗਿਆ ਹੈ। ਕੁਝ ਵਿਦਿਆਰਥੀਆਂ ਅਤੇ ਫੈਕਲਟੀ ਨੇ ਦਹਿਸ਼ਤੀ ਗੁੱਟ ਅਤੇ ਉਸ ਦੇ ਹਮਲੇ ਦੀ ਹਮਾਇਤ ਕੀਤੀ ਹੈ। ਹਾਰਵਰਡ ’ਚ 30 ਤੋਂ ਵੱਧ ਵਿਦਿਆਰਥੀਆਂ ਦੇ ਗੁੱਟਾਂ ਨੇ ਕਿਹਾ ਕਿ ਹਮਾਸ ਦੇ ਹਮਲੇ ਲਈ ਇਜ਼ਰਾਈਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਕੋਰਨੈੱਲ ਯੂਨੀਵਰਸਿਟੀ ’ਚ ਭੜਕਾਊ ਪੋਸਟਾਂ ਪਾਉਣ ਕਰਕੇ ਪੁਲੀਸ ਨੂੰ ਯਹੂਦੀਆਂ ਦੇ ਸੈਂਟਰ ਦੀ ਰਾਖੀ ਲਈ ਭੇਜਣਾ ਪਿਆ।