ਸਿੱਖ ਨਸਲਕੁਸ਼ੀ: ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਰੋਸ ਮਾਰਚ
ਸਿੱਖ ਨਸਲਕੁਸ਼ੀ: ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਰੋਸ ਮਾਰਚ
ਅੰਮ੍ਰਤਿਸਰ- ਨਵੰਬਰ 1984 ਸਿੱਖ ਨਸਲਕੁਸ਼ੀ ਦੇ 39 ਸਾਲ ਬੀਤ ਜਾਣ ਬਾਅਦ ਵੀ ਦੋਸ਼ੀਆਂ ਨੂੰ ਢੁਕਵੀਆਂ ਸਜ਼ਾਵਾਂ ਨਾ ਦੇਣ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਥਾਨਕ ਭੰਡਾਰੀ ਪੁਲ ਤੋਂ ਜੱਲ੍ਹਿਆਂਵਾਲਾ ਬਾਗ਼ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1985 ਦੀਆਂ ਚੋਣਾਂ ਜਿੱਤਣ ਲਈ ਕਾਂਗਰਸੀ ਆਗੂਆਂ ਨੇ ਸਾਜ਼ਿਸ਼ ਤਹਤਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਅਤੇ ਸਿੱਖਾਂ ਨੂੰ ਸਾਰੇ ਦੇਸ਼ ਵਿੱਚ ਅਤਿਵਾਦੀ ਤੇ ਵੱਖਵਾਦੀਆਂ ਵਜੋਂ ਪੇਸ਼ ਕੀਤਾ। ਅਜਿਹਾ ਕਰਕੇ ਉਨ੍ਹਾਂ ਨੇ ਬਹੁਗਿਣਤੀ ਦੀਆਂ ਭਾਵਨਾਵਾਂ ਨੂੰ ਸਰਕਾਰੀ ਤੇ ਫਿਰਕੂ ਮੀਡੀਏ ਰਾਹੀਂ ਭੜਕਾਇਆ ਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੁੜ ਸਾਜਿਸ਼ ਤਹਤਿ ਇੰਦਰਾ ਗਾਂਧੀ ਦਾ ਕਤਲ ਕਰਵਾ ਕੇ ਸਾਰੇ ਦੇਸ਼ ਵਿੱਚ ਦਿੱਲੀ ਅਤੇ ਹੋਰ ਕਾਂਗਰਸ ਸ਼ਾਸਤ ਪ੍ਰਦੇਸ਼ਾਂ ਵਿੱਚ ਸਿੱਖ ਨਸਲਕੁਸ਼ੀ ਕੀਤੀ ਗਈ। ਮਗਰੋਂ ਕਾਂਗਰਸ ਪਾਰਟੀ ਵੱਲੋਂ 1985 ਦੀਆਂ ਚੋਣਾਂ ਵਿੱਚ ਬੇਮਿਸਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਲਈ ਕਾਂਗਰਸ ਜ਼ਿੰਮੇਵਾਰ ਹੈ ਅਤੇ ਕਾਂਗਰਸ ਪਾਰਟੀ ਨੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਤੋਂ ਬਚਾਇਆ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮੌਕੇ ਜ਼ਿਲਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਸੂਬਾ ਕਮੇਟੀ ਮੈਂਬਰ ਅਤੇ ਔਰਤ ਵਿੰਗ ਦੀ ਕਨਵੀਨਰ ਹਰਦੀਪ ਕੌਰ ਕੋਟਲਾ ਨੇ ਮੰਗ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ।
ਤਰਨ ਤਾਰਨ : ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਅੱਜ ਇਥੇ ਦੇ ਗਾਂਧੀ ਮਿਉਂਸਪਲ ਪਾਰਕ ਵਿੱਚ ’84 ਵਿੱਚ ਹੋਈ ਸਿੱਖ ਨਸਲਕੁਸ਼ੀ ਖਿਲਾਫ਼ ਵਿਖਾਵਾ ਕਰਕੇ ਅੱਜ ਵੀ ਘਟ ਗਿਣਤੀਆਂ ਖਿਲਾਫ਼ ਹੋ ਰਹੀਆਂ ਵਧੀਕੀਆਂ ਖਿਆਫ਼ ਆਵਾਜ਼ ਬੁਲੰਦ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ| ਕਿਸਾਨਾਂ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ, ਹਰਵਿੰਦਰ ਸਿੰਘ ਵਲੀਪੁਰ, ਸਤਪਾਲ ਸਿੰਘ ਰੰਧਾਵਾ, ਗੁਰਬਖਸ਼ ਸਿੰਘ ਸੂਰਵਿੰਡ, ਬਲਵਿੰਦਰ ਸਿੰਘ ਸਖੀਰਾ, ਕਰਮਜੀਤ ਸਿੰਘ, ਤਰਲੋਚਨ ਸਿੰਘ ਪ੍ਰੀਤ ਨੇ ਸੰਬੋਧਨ ਕੀਤਾ| ਬੁਲਾਰਿਆਂ ਕਿਹਾ ਕਿ ਇਸ ਕਾਰੇ ਦੇ 39 ਸਾਲ ਬੀਤ ਜਾਣ ’ਤੇ ਵੀ ਪੀੜਤ ਲੋਕਾਂ ਨੂੰ ਨਿਆਂ ਨਹੀਂ ਦਿੱਤਾ ਜਾ ਰਿਹਾ ਅਤੇ ਬੇਕਸੂਰ ਸਿੱਖ ਸਜ਼ਾਵਾਂ ਪੂਰੀਆਂ ਕਰਨ ’ਤੇ ਵੀ ਜੇਲ੍ਹਾਂ ਵਿੱਚ ਬੰਦ ਹਨ ਜਦੋਂਕਿ ਸਿੱਖਾਂ ਦੇ ਕਾਤਲ ਸ਼ਰੇਆਮ ਘੁੰਮ ਰਹੇ ਹਨ| ਆਗੂਆਂ ਦੇਸ਼ ਅੰਦਰ ਘੱਟ ਗਿਣਤੀਆਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਹੋਕਾ ਦਿੱਤਾ| ਕਿਸਾਨਾਂ ਨੇ ਇਸ ਮੌਕੇ ਸ਼ਹਿਰ ਅੰਦਰ ਰੋਸ ਮਾਰਚ ਵੀ ਕੀਤਾ|