ਨੇਪਾਲ ’ਚ ਭੂਚਾਲ ਨਾਲ 157 ਮੌਤਾਂ
ਨੇਪਾਲ ’ਚ ਭੂਚਾਲ ਨਾਲ 157 ਮੌਤਾਂ
ਕਾਠਮੰਡੂ-ਨੇਪਾਲ ਵਿਚ ਸ਼ੁੱਕਰਵਾਰ ਦੇਰ ਰਾਤ ਆਏ 6.4 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਹਿਮਾਲਿਆ ਪਰਬਤ ਮਾਲਾ ’ਚ ਪੈਂਦੇ ਇਸ ਮੁਲਕ ਦੇ ਦੂਰ-ਦਰਾਜ ਦੇ ਪਰਬਤੀ ਖਿੱਤੇ ’ਚ ਘੱਟੋ-ਘੱਟ 157 ਵਿਅਕਤੀਆਂ ਦੀ ਮੌਤ ਹੋ ਗਈ ਹੈ। ਵੇਰਵਿਆਂ ਮੁਤਾਬਕ 160 ਤੋਂ ਵੱਧ ਵਿਅਕਤੀ ਫੱਟੜ ਵੀ ਹੋਏ ਹਨ ਤੇ ਸੈਂਕੜੇ ਮਕਾਨ ਨੁਕਸਾਨੇ ਗਏ ਹਨ।ਇਹ ਨੇਪਾਲ ਵਿਚ 2015 ਤੋਂ ਬਾਅਦ ਸਭ ਤੋਂ ਤਬਾਹਕੁਨ ਭੂਚਾਲ ਹੈ। ਦੇਸ਼ ਦੇ ਭੂਚਾਲ ਨਿਗਰਾਨੀ ਤੇ ਖੋਜ ਕੇਂਦਰ ਮੁਤਾਬਕ ਭੂਚਾਲ ਕਰੀਬ ਅੱਧੀ ਰਾਤ ਨੂੰ 11.47 ’ਤੇ ਆਇਆ, ਜਿਸ ਦਾ ਕੇਂਦਰ ਜਾਜਰਕੋਟ ਜ਼ਿਲ੍ਹੇ ਵਿਚ ਸੀ। ਨੇਪਾਲ ਵਿਚ 2015 ’ਚ ਆਏ 7.8 ਤੀਬਰਤਾ ਵਾਲੇ ਭੂਚਾਲ ਤੇ ਉਸ ਤੋਂ ਬਾਅਦ ਲੱਗੇ ਝਟਕਿਆਂ ਨਾਲ ਕਰੀਬ 9000 ਲੋਕਾਂ ਦੀ ਮੌਤ ਹੋ ਗਈ ਸੀ ਤੇ 22 ਹਜ਼ਾਰ ਤੋਂ ਵੱਧ ਲੋਕ ਫੱਟੜ ਹੋ ਗਏ ਸਨ। ਭੂਚਾਲ ਦੇ ਝਟਕੇ ਕਾਠਮੰਡੂ ਤੇ ਇਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ, ਅਤੇ ਗੁਆਂਢੀ ਮੁਲਕ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਵੀ ਮਹਿਸੂਸ ਕੀਤੇ ਗਏ। ਨੇਪਾਲ ਦੀ ਸੈਨਾ ਦੇ ਬੁਲਾਰੇ ਕ੍ਰਿਸ਼ਨ ਪ੍ਰਸਾਦ ਭੰਡਾਰੀ ਮੁਤਾਬਕ ਫੌਜ ਨੇ ਭੂਚਾਲ ਤੋਂ ਤੁਰੰਤ ਬਾਅਦ ਘਟਨਾ ਸਥਾਨ ’ਤੇ ਬਚਾਅ ਕਾਰਜਾਂ ਲਈ ਆਪਣੇ ਕਰਮੀਆਂ ਨੂੰ ਤਾਇਨਾਤ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੱਛਮੀ ਨੇਪਾਲ ਦੇ ਜਾਜਰਕੋਟ ਤੇ ਰੁਕੁਮ ਜ਼ਿਲ੍ਹਿਆਂ ਵਿਚ ਭੂਚਾਲ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਬਚਾਅ ਕਰਮੀ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ’ਚੋਂ ਬਚਣ ਵਾਲਿਆਂ ਦੀ ਭਾਲ ਕਰ ਰਹੇ ਹਨ। ਪ੍ਰਧਾਨ ਮੰਤਰੀ ਸਕੱਤਰੇਤ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਮ੍ਰਤਿਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਵਿਚ ਮਾਰੇ ਗਏ ਲੋਕਾਂ ’ਚ ਜਾਜਰਕੋਟ ’ਚ ਪੈਂਦੇ ਨਲਗੜ੍ਹ ਨਗਰ ਪਾਲਿਕਾ ਦੀ ਡਿਪਟੀ ਮੇਅਰ ਸਰਤਿਾ ਸਿੰਘ ਵੀ ਸ਼ਾਮਲ ਹੈ। ਭੂਚਾਲ ਨਿਗਰਾਨੀ ਕੇਂਦਰ ਮੁਤਾਬਕ ਸ਼ੁੱਕਰਵਾਰ ਰਾਤ ਆਏ ਭੂਚਾਲ ਤੋਂ ਬਾਅਦ ਲਗਭਗ 159 ਝਟਕੇ ਦਰਜ ਕੀਤੇ ਗਏ ਹਨ। ਲੋਕਾਂ ਨੇ ਮੁੜ ਭੂਚਾਲ ਆਉਣ ਦੇ ਡਰ ਕਾਰਨ ਸਾਰੀ ਰਾਤ ਖੁੱਲ੍ਹੇ ਆਸਮਾਨ ਹੇਠਾਂ ਹੀ ਬਤੀਤ ਕੀਤੀ। ਹਨੇਰੇ ਵਿਚ ਲੋਕ ਢਹਿ ਗਈਆਂ ਇਮਾਰਤਾਂ ਦੇ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਦੇ ਰਹੇ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਭੂਚਾਲ ਵਿਚ ਜਾਨੀ-ਮਾਲੀ ਨੁਕਸਾਨ ਹੋਣ ਉਤੇ ਦੁੱਖ ਜ਼ਾਹਿਰ ਕੀਤਾ ਹੈ। ਪੀੜਤਾਂ ਦੀ ਤੁਰੰਤ ਮਦਦ ਲਈ ਨੇਪਾਲ ਸਰਕਾਰ ਨੇ 10 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਦੌਰਾਨ ਦੇਰ ਸ਼ਾਮ ਵੀ ਨੇਪਾਲ ਵਿੱਚ 4.2 ਦੀ ਰਫਤਾਰ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।