ਪਾਕਿ: ਹਵਾਈ ਸੈਨਾ ਦੇ ਅੱਡੇ ’ਤੇ ਅਤਿਵਾਦੀ ਹਮਲਾ
ਪਾਕਿ: ਹਵਾਈ ਸੈਨਾ ਦੇ ਅੱਡੇ ’ਤੇ ਅਤਿਵਾਦੀ ਹਮਲਾ
ਇਸਲਾਮਾਬਾਦ-ਮਾਰੂ ਹਥਿਆਰਾਂ ਨਾਲ ਲੈਸ ਨੌਂ ਅਤਿਵਾਦੀਆਂ ਨੇ ਅੱਜ ਸਵੇਰੇ ਪੰਜਾਬ ਸੂਬੇ ਵਿਚ ਪਾਕਿਸਤਾਨੀ ਏਅਰ ਫੋਰਸ ਦੇ ਇਕ ਸਿਖ਼ਲਾਈ ਅੱਡੇ ਉਤੇ ਹਮਲਾ ਕਰ ਦਿੱਤਾ। ਇਹ ਜਾਣਕਾਰੀ ਪਾਕਿਸਤਾਨ ਦੀ ਸੈਨਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਅਤਿਵਾਦੀਆਂ ਨੂੰ ‘ਨਰਕ ਭੇਜ ਦਿੱਤਾ ਗਿਆ ਹੈ।’ ਇਸ ਤੋਂ ਇਕ ਦਿਨ ਪਹਿਲਾਂ ਦੇਸ਼ ਵਿਚ ਤਿੰਨ ਵੱਖ-ਵੱਖ ਅਤਿਵਾਦੀ ਹਮਲਿਆਂ ਵਿਚ 17 ਸੈਨਿਕ ਮਾਰੇ ਗਏ ਸਨ। ਪਾਕਿਸਤਾਨੀ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਅਤਿਵਾਦੀਆਂ ਨੇ ਉਨ੍ਹਾਂ ਦੀ ਏਅਰ ਫੋਰਸ ਦੇ ਮੀਆਂਵਾਲੀ ਟਰੇਨਿੰਗ ਬੇਸ ਉਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਮਲੇ ਦੌਰਾਨ ਤਿੰਨ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਇਹ ਜਹਾਜ਼ ਪਹਿਲਾਂ ਹੀ ਰੁਟੀਨ ਗਤੀਵਿਧੀਆਂ ਵਿਚੋਂ ਬਾਹਰ ਕਰ ਦਿੱਤੇ ਗਏ ਹਨ। ਸੈਨਾ ਨੇ ਪੁਸ਼ਟੀ ਕੀਤੀ ਕਿ ‘ਹਵਾਈ ਸੈਨਾ ਦੇ ਸਿਖਲਾਈ ਅੱਡੇ ’ਚ ਤਲਾਸ਼ੀ ਮੁਕੰਮਲ ਹੋ ਗਈ ਹੈ ਤੇ ਸਾਰੇ ਨੌਂ ਅਤਿਵਾਦੀਆਂ ਨੂੰ ਨਰਕ ਭੇਜ ਦਿੱਤਾ ਗਿਆ ਹੈ।’ ਬਿਆਨ ਵਿਚ ਕਿਹਾ ਗਿਆ ਹੈ ਕਿ ਤਲਾਸ਼ੀ ਮੁਹਿੰਮ ਅੱਜ ਸਵੇਰੇ ਹਵਾਈ ਅੱਡੇ ’ਤੇ ਕਾਇਰਤਾਪੂਰਨ ਤੇ ਨਾਕਾਮ ਅਤਿਵਾਦੀ ਹਮਲੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ਵਿਚ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਸੀ। ਸੈਨਾ ਨੇ ਕਿਹਾ ਕਿ ਏਅਰ ਫੋਰਸ ਦੀ ਅਜਿਹੀ ਕਿਸੇ ਵੀ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ ਜੋ ਚੱਲਦੀ ਹਾਲਤ ਵਿਚ ਹੋਵੇ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਸਬੰਧਤ ਇਕ ਨਵੇਂ ਅਤਿਵਾਦੀ ਸਮੂਹ ਤਹਿਰੀਕ-ਏ-ਜਿਹਾਦ ਪਾਕਿਸਤਾਨ (ਟੀਜੇਪੀ) ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਦੀ ਨਿੰਦਾ ਕਰਦਿਆਂ ਅੰਤ੍ਰਿਮ ਪ੍ਰਧਾਨ ਮੰਤਰੀ ਅਨਵਾਰੁੱਲ ਹੱਕ ਕਾਕੜ ਨੇ ਕਿਹਾ, ‘ਸਾਡੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੇ ਕਿਸੇ ਵੀ ਯਤਨ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕੀਤਾ ਜਾਵੇਗਾ।’ ਅੰਤ੍ਰਿਮ ਗ੍ਰਹਿ ਮੰਤਰੀ ਸਰਫ਼ਰਾਜ਼ ਬੁਗਤੀ ਨੇ ਕਿਹਾ ਕਿ ਸ਼ੁੱਕਰਵਾਰ ਤੇ ਅੱਜ ਹੋਏ ਹਮਲਿਆਂ ਵਿਚ ਸ਼ਾਮਲ ਅਤਿਵਾਦੀਆਂ ਦੇ ਨਾਂ ਭਾਵੇਂ, ‘ਵੱਖ-ਵੱਖ ਹੋਣਗੇ, ਪਰ ਪਰਦੇ ਪਿਛਲਾ ਦੁਸ਼ਮਣ ਇਕ ਹੀ ਹੈ।’
ਅਤਿਵਾਦੀ ਹਮਲਿਆਂ ’ਚ ਹੋਈ ਸੀ 17 ਪਾਕਿਸਤਾਨੀ ਸੈਨਿਕਾਂ ਦੀ ਮੌਤ
ਮਿਆਂਵਾਲੀ ਟਰੇਨਿੰਗ ਬੇਸ ਉਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖਵਾ ਵਿਚ ਹੋਏ ਅਤਿਵਾਦੀ ਹਮਲੇ ’ਚ ਘੱਟੋ-ਘੱਟ 17 ਸੈਨਿਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿਚ ਸ਼ੁੱਕਰਵਾਰ ਨੂੰ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਦੇ ਦੋ ਵਾਹਨਾਂ ਉਤੇ ਘਾਤ ਲਾ ਕੇ ਹਮਲਾ ਕੀਤਾ ਸੀ, ਜਿਸ ਵਿਚ ਘੱਟੋ-ਘੱਟ 14 ਸੈਨਿਕ ਮਾਰੇ ਗਏ। ਬਲੋਚਿਸਤਾਨ ਵਿਚ ਸ਼ੁੱਕਰਵਾਰ ਨੂੰ ਹੋਇਆ ਅਤਿਵਾਦੀ ਹਮਲਾ ਇਸ ਸਾਲ ਦਾ ਸਭ ਤੋਂ ਭਿਆਨਕ ਹਮਲਾ ਮੰਨਿਆ ਜਾ ਰਿਹਾ ਹੈ, ਜਿਸ ਵਿਚ ਪਾਕਿਸਤਾਨੀ ਸੈਨਾ ਦੇ ਸਭ ਤੋਂ ਵੱਧ ਸੈਨਿਕ ਮਾਰੇ ਗਏ ਹਨ।