ਗੁਰਪੁਰਬ ਤੋਂ ਘਰ-ਘਰ ਪਹੁੰਚਾਇਆ ਜਾਵੇਗਾ ਕਣਕ-ਆਟਾ

ਗੁਰਪੁਰਬ ਤੋਂ ਘਰ-ਘਰ ਪਹੁੰਚਾਇਆ ਜਾਵੇਗਾ ਕਣਕ-ਆਟਾ

ਗੁਰਪੁਰਬ ਤੋਂ ਘਰ-ਘਰ ਪਹੁੰਚਾਇਆ ਜਾਵੇਗਾ ਕਣਕ-ਆਟਾ
ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ 27 ਨਵੰਬਰ ਤੋਂ ਸੂਬੇ ਵਿਚ ਕਣਕ-ਆਟੇ ਦੀ ਹੋਮ ਡਲਿਵਰੀ ਸ਼ੁਰੂ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਨੇ ਇਸ ਯੋਜਨਾ ਨੂੰ ਅੰਤਿਮ ਛੋਹਾਂ ਤਾਂ ਦੇ ਦਿੱਤੀਆਂ ਹਨ ਪ੍ਰੰਤੂ ਰਸਮੀ ਤੌਰ ’ਤੇ ਇਸ ਦੀ ਸ਼ੁਰੂਆਤ ਦਸੰਬਰ ਦੇ ਅੱਧ ਤੋਂ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਗੁਰਪੁਰਬ ਤੋਂ ਇਸ ਨਵੀਂ ਯੋਜਨਾ ਦੀ ਸਾਫ਼ਟ ਲਾਂਚਿੰਗ ਕਰ ਸਕਦੇ ਹਨ। ਜੇਕਰ ਕੋਈ ਰੁਕਾਵਟ ਆਈ ਤਾਂ ਵੀ ਅਨਾਜ ਦੀ ਹੋਮ ਡਲਿਵਰੀ ਨਵੇਂ ਵਰ੍ਹੇ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ।
ਪੰਜਾਬ ਕੈਬਨਿਟ ਨੇ ਪਿਛਲੇ ਸਾਲ 3 ਮਈ ਨੂੰ ਆਟੇ ਦੀ ਹੋਮ ਡਲਿਵਰੀ ਸ਼ੁਰੂ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਪਹਿਲੀ ਅਕਤੂਬਰ ਤੋਂ ਇਸ ਸਕੀਮ ਦੀ ਸ਼ੁਰੂਆਤ ਹੋਣੀ ਸੀ। ਉਸ ਸਮੇਂ ਸਰਕਾਰ ਦੇ ਇਸ ਫ਼ੈਸਲੇ ਨੂੰ ਡਿਪੂ ਹੋਲਡਰਾਂ ਨੇ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ ਜਿਸ ਕਰਕੇ ਇਹ ਮਾਮਲਾ ਪੱਛੜ ਗਿਆ ਸੀ। ਹੁਣ ਸੂਬਾ ਸਰਕਾਰ ਇਸ ਸਕੀਮ ਨੂੰ ਆਗਾਮੀ ਪੰਚਾਇਤੀ ਅਤੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਦਾ ਸਿਆਸੀ ਲਾਹਾ ਲਿਆ ਜਾ ਸਕੇ।
ਕੌਮੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਅਕਤੂਬਰ ਤੋਂ ਦਸੰਬਰ ਦੀ ਕਣਕ ਦੀ ਐਲੋਕੇਸ਼ਨ ਹੋ ਚੁੱਕੀ ਹੈ ਅਤੇ ਇਸ ਨੂੰ ਵੰਡਣ ਦਾ ਕੰਮ ਚੱਲ ਰਿਹਾ ਹੈ। ਸਕੀਮ ਰਸਮੀ ਤੌਰ ’ਤੇ ਦਸੰਬਰ ਵਿਚ ਸ਼ੁਰੂ ਹੋਣ ਮਗਰੋਂ ਜਨਵਰੀ ਵਿਚ ਵੰਡੀ ਜਾਣ ਵਾਲੀ ਕਣਕ/ਆਟੇ ਦੀ ਲਾਭਪਾਤਰੀਆਂ ਨੂੰ ਹੋਮ ਡਲਿਵਰੀ ਮਿਲੇਗੀ। ਸੂਤਰਾਂ ਅਨੁਸਾਰ ਮਾਰਕਫੈੱਡ ਵੱਲੋਂ ਕੁੱਲ 2700 ਮਾਡਲ ਫੇਅਰ ਪ੍ਰਾਈਸ ਦੁਕਾਨਾਂ ਤਿਆਰ ਕੀਤੀਆਂ ਜਾਣੀਆਂ ਹਨ। ਇਨ੍ਹਾਂ ’ਚੋਂ 30 ਨਵੰਬਰ ਤੱਕ ਘਰ-ਘਰ ਕਣਕ ਜਾਂ ਆਟਾ ਵੰਡਣ ਵਾਲੀਆਂ 800 ਨਵੀਆਂ ਮਾਡਲ ਫੇਅਰ ਪ੍ਰਾਈਸ ਦੁਕਾਨਾਂ ਤਿਆਰ ਹੋ ਜਾਣਗੀਆਂ। ਮਨਰੇਗਾ ਸਕੀਮ ਤਹਿਤ ਤਿਆਰ ਇਹ ਮਾਡਲ ਦੁਕਾਨਾਂ ਦਸੰਬਰ ਵਿਚ ਚਾਲੂ ਹੋ ਜਾਣਗੀਆਂ। ਸਰਕਾਰ ਨੇ ਪਹਿਲਾਂ ਹੀ ਕਣਕ ਦੀ ਪਿਸਾਈ ਲਈ ਤਿੰਨ ਦਰਜਨ ਆਟਾ ਮਿੱਲਾਂ ਦੀ ਪਛਾਣ ਕਰ ਲਈ ਹੈ। ਦੋ ਟੈਂਡਰਾਂ ਮਗਰੋਂ ਚਾਰ ਵਿਕਰੇਤਾਵਾਂ ਨੂੰ ਆਟਾ ਜਾਂ ਕਣਕ ਪਹੁੰਚਾਉਣ ਦਾ ਕੰਮ ਅਲਾਟ ਕੀਤਾ ਗਿਆ ਹੈ। ਅਨਾਜ ਦੀ ਵੰਡ ਤਿਮਾਹੀ ਦੀ ਥਾਂ ਹੁਣ ਮਾਸਿਕ ਆਧਾਰ ’ਤੇ ਕੀਤੀ ਜਾਵੇਗੀ। ਇਸ ਸਕੀਮ ’ਤੇ ਸਰਕਾਰ ਨੂੰ 670 ਕਰੋੜ ਦੀ ਲਾਗਤ ਆਵੇਗੀ।
ਆਟਾ ਮਿੱਲਾਂ ਵਾਲੇ ਗੋਦਾਮਾਂ ਤੋਂ ਕਣਕ ਚੁੱਕਣਗੇ ਅਤੇ ਕਣਕ ਦੀ ਪਿਸਾਈ ਹੋਣ ਮਗਰੋਂ ਮਾਡਲ ਫੇਅਰ ਪ੍ਰਾਈਸ ਦੁਕਾਨਾਂ ਚਲਾਉਣ ਵਾਲੇ ਹੋਮ ਡਲਿਵਰੀ ਦੇਣਗੇ। ਪਤਾ ਲੱਗਾ ਹੈ ਕਿ ਅਨਾਜ ਦੀ ਪੰਜ ਕਿੱਲੋ ਅਤੇ ਦਸ ਕਿੱਲੋ ਦੀ ਪੈਕਿੰਗ ਕੀਤੀ ਜਾਵੇਗੀ। ਕਰੀਬ 1.41 ਕਰੋੜ ਲਾਭਪਾਤਰੀ ਇਸ ਸਕੀਮ ਦਾ ਫ਼ਾਇਦਾ ਲੈਣਗੇ ਅਤੇ ਹਰ ਮਹੀਨੇ 72,500 ਮੀਟਰਿਕ ਟਨ ਅਨਾਜ ਵੰਡਿਆ ਜਾਵੇਗਾ।

Radio Mirchi