ਭਾਰਤ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਕਦਮ ਦੂਰ
ਭਾਰਤ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਕਦਮ ਦੂਰ
ਮੁੰਬਈ-ਵਿਰਾਟ ਕੋਹਲੀ(117) ਦੇ ਰਿਕਾਰਡ 50ਵੇਂ ਸੈਂਕੜੇ, ਸ਼੍ਰੇਅਸ ਅੱਈਅਰ(105) ਤੇ ਸ਼ੁਭਮਨ ਗਿੱਲ(ਨਾਬਾਦ 80) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਮੁਹੰਮਦ ਸ਼ਮੀ ਵੱਲੋਂ 57 ਦੌੜਾਂ ਬਦਲੇ ਲਈਆਂ ਸੱਤ ਵਿਕਟਾਂ ਦੀ ਬਦੌਲਤ ਮੇਜ਼ਬਾਨ ਭਾਰਤ ਅੱਜ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ। ਇਸ ਟੂਰਨਾਮੈਂਟ ਵਿਚ ਭਾਰਤ ਦੀ ਇਹ ਲਗਾਤਾਰ ਦਸਵੀਂ ਜਿੱਤ ਹੈ। ਭਾਰਤ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜਾ ਹੈ। ਇਸ ਤੋਂ ਪਹਿਲਾਂ ਭਾਰਤ 1987, 1996, 2015 ਤੇ 2019 ਵਿੱਚ ਸੈਮੀਫਾਈਨਲ ਤੋਂ ਅੱਗੇ ਵਧਣ ਵਿੱਚ ਨਾਕਾਮ ਰਿਹਾ ਸੀ। ਭਾਰਤ ਨੇ ਅੱਜ ਦੀ ਜਿੱਤ ਨਾਲ ਚਾਰ ਸਾਲ ਪਹਿਲਾਂ ਮਾਨਚੈਸਟਰ ਵਿੱਚ ਨਿਊਜ਼ੀਲੈਂਡ ਹੱਥੋਂ ਸੈਮੀਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਹੈ।