ਫ਼ਤਹਿ ਮਾਰਚ ਦਾ ਹੈਦਰਾਬਾਦ ’ਚ ਭਰਵਾਂ ਸਵਾਗਤ ਸੰਗਤ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ
ਫ਼ਤਹਿ ਮਾਰਚ ਦਾ ਹੈਦਰਾਬਾਦ ’ਚ ਭਰਵਾਂ ਸਵਾਗਤ
ਸੰਗਤ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ
ਅੰਮ੍ਰਿਤਸਰ-ਨਿਹੰਗ ਜਥੇਬੰਦੀ ਬੁੱਢਾ ਦਲ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਰੰਭ ਕੀਤੇ ਸ਼ਹੀਦੀ ਫ਼ਤਹਿ ਮਾਰਚ ਦਾ ਹੈਦਰਾਬਾਦ ਪੁੱਜਣ ’ਤੇ ਸਿੱਖ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਹ ਫ਼ਤਹਿ ਮਾਰਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਨਾਨਕ ਝੀਰਾ ਬਿਦਰ, ਕਰਨਾਟਕ ਤੋਂ ਹੁੰਦਾ ਹੋਇਆ ਹੈਦਰਾਬਾਦ (ਤਿਲੰਗਾਨਾ) ਪੁੱਜਿਆ, ਜਿਥੇ ਵੱਖ-ਵੱਖ ਗੁਰਦੁਆਰਿਆਂ ਵਿੱਚ ਬੁੱਢਾ ਦਲ ਵੱਲੋਂ ਸੰਗਤਾਂ ਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਏ ਗਏ। ਸਮਾਗਮਾਂ ਦੌਰਾਨ ਗੁਰੂ ਹਰਿਗੋਬਿੰਦ ਸਾਹਿਬ ਦੀ ਕਟਾਰ, ਗੁਰੂ ਗੋਬਿੰਦ ਸਿੰਘ ਦੀ ਸ੍ਰੀ ਸਾਹਿਬ, ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਢਾਲ, ਅਕਾਲੀ ਬਾਬਾ ਫੂਲਾ ਸਿੰਘ ਦਾ ਖੰਜਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਮਸ਼ੀਰ, ਸ਼ਹੀਦ ਬਾਬਾ ਦੀਪ ਸਿੰਘ ਦੀ ਦਸਤਾਰ ਦਾ ਚੱਕਰ ਆਦਿ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ।
ਜਥੇਬੰਦੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਹੈਦਰਾਬਾਦ ਦੇ ਗੁਰਦੁਆਰਾ ਬ੍ਰਹਮਬਾਲਾ ਰਣਜੀਤ ਨਗਰ, ਗੁਰਦੁਆਰਾ ਸਾਹਿਬ ਆਸਾ ਸਿੰਘ ਬਾਗ਼, ਸੈਂਟਰਲ ਗੁਰਦੁਆਰਾ ਸਾਹਿਬ, ਸੈਂਟਰਲ ਗੁਰਦੁਆਰਾ ਗਉਲੀਗੋੜਾ, ਗੁਰਦੁਆਰਾ ਸਾਹਿਬ ਅਮੀਰਪੇਟ ਵਿਖੇ ਗੁਰਮਤਿ ਸਮਾਗਮਾਂ ਦੌਰਾਨ ਜਿਥੇ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਲੋਕਾਈ ਤਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਉਥੇ ਬੁੱਢਾ ਦਲ ਦੇ ਸ਼ਾਨਾਂਮੱਤੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਦੌਰਾਨ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਭਾਈ ਪਰਮਵੀਰ ਸਿੰਘ ਨੇ ਸੰਗਤਾਂ ਨੂੰ ਸ਼ਸਤਰਾਂ ਦੇ ਦਰਸ਼ਨ ਕਰਵਾਏ।
ਸਮਾਗਮਾਂ ਦੌਰਾਨ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ ਦੂਜੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਪਿਛਲੇ ਦੋ ਸਾਲ ਤੋਂ ਚੱਲ ਰਹੇ ਹਨ ਜਿਸ ਤਹਿਤ ਜਥੇਬੰਦੀ ਨੇ ਸੰਗਤ ਦੇ ਸਹਿਯੋਗ ਨਾਲ ਪੰਜਾਬ, ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੁੰਬਈ ਤੋਂ ਇਲਾਵਾ ਵਿਦੇਸ਼ਾਂ ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ ਗੁਰਮਤਿ ਸਮਾਗਮਾਂ ਦੀ ਲੜੀ ਚਲਾਈ ਹੈ। ਉਨ੍ਹਾਂ ਕਿਹਾ ਕਿ ਦੱਖਣ ਦੀਆਂ ਸੰਗਤਾਂ ਦੀ ਮੰਗ ’ਤੇ ਅੱਜ ਹੈਦਰਾਬਾਦ ਵਿੱਚ ਸੰਗਤ ਨੂੰ ਗੁਰੂ ਸਾਹਿਬਾਨਾਂ ਵੱਲੋਂ ਬਖਸ਼ਿਸ਼ ਹੋਏ ਸ਼ਸਤਰਾਂ ਤੇ ਹੋਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਹਨ। ਇਸ ਮੌਕੇ ਹੈਦਰਾਬਾਦ ਦੇ ਵੱਖ-ਵੱਖ ਗੁਰੂਘਰਾਂ ਦੇ ਪ੍ਰਬੰਧਕਾਂ ਤੇ ਸੰਗਤ ਵੱਲੋਂ ਫ਼ਤਹਿ ਮਾਰਚ ਵਿੱਚ ਸ਼ਾਮਲ ਗੁਰੂ ਸਾਹਿਬ ਦੀ ਪਾਲਕੀ ਵਾਲੀ ਬੱਸ, ਇਤਿਹਾਸਕ ਸ਼ਸਤਰਾਂ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨਿੱਘਾ ਸਵਾਗਤ ਕੀਤਾ।