ਹੌਸਲੇ ਬੁਲੰਦ ਰੱਖਣ ਲਈ ਯੋਗ ਅਤੇ ਸੈਰ ਦਾ ਸਹਾਰਾ ਲਿਆ
ਹੌਸਲੇ ਬੁਲੰਦ ਰੱਖਣ ਲਈ ਯੋਗ ਅਤੇ ਸੈਰ ਦਾ ਸਹਾਰਾ ਲਿਆ
ਨਵੀਂ ਦਿੱਲੀ-ਸੁਰੰਗ ’ਚ ਜਦੋਂ ਅਸੀਂ ਫਸੇ ਹੋਏ ਸਾਂ ਤਾਂ ਸੈਰ ਅਤੇ ਯੋਗ ਕਰਕੇ ਸਾਰਿਆਂ ਨੇ ਆਪਣੇ ਹੌਸਲੇ ਬੁਲੰਦ ਰੱਖੇ ਸਨ। ਸਾਨੂੰ ਸਰਕਾਰ ’ਤੇ ਪੂਰਾ ਭਰੋਸਾ ਸੀ ਕਿਉਂਕਿ ਜਦੋਂ ਉਹ ਵਿਦੇਸ਼ ’ਚ ਫਸੇ ਭਾਰਤੀਆਂ ਨੂੰ ਬਚਾ ਸਕਦੀ ਹੈ ਤਾਂ ਫਿਰ ਅਸੀਂ ਤਾਂ ਮੁਲਕ ਅੰਦਰ ਹੀ ਸੀ।’ ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ’ਚੋਂ 17 ਦਿਨਾਂ ਬਾਅਦ ਮੰਗਲਵਾਰ ਨੂੰ ਸੁਰੱਖਿਅਤ ਬਾਹਰ ਕੱਢੇ ਗਏ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਫੋਨ ’ਤੇ ਗੱਲਬਾਤ ਕਰਦਿਆਂ ਉਕਤ ਜਾਣਕਾਰੀ ਸਾਂਝੀ ਕੀਤੀ। ਵਰਕਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਮਾਰੇ ਗਏ ਹੰਭਲਿਆਂ ਵਾਸਤੇ ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਬਚਾਅ ਟੀਮਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਕਈ ਦਿਨਾਂ ਤੋਂ ਸੰਕਟ ’ਚ ਫਸੇ ਰਹਿਣ ਮਗਰੋਂ ਸੁਰੱਖਿਅਤ ਬਾਹਰ ਆਉਣ ’ਤੇ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਇਹ ਮੇਰੇ ਲਈ ਖੁਸ਼ੀ ਦਾ ਸਬੱਬ ਹੈ ਅਤੇ ਇਹ ਮੈਂ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ ਹਾਂ। ਜੇਕਰ ਕੁਝ ਗਲਤ ਵਾਪਰ ਗਿਆ ਹੁੰਦਾ ਤਾਂ ਸਾਡੇ ’ਤੇ ਪਹਾੜ ਟੁੱਟ ਪੈਣਾ ਸੀ। ਪਰਮਾਤਮਾ ਦਾ ਸ਼ੁਕਰ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ। 17 ਦਿਨ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ। ਤੁਸੀਂ ਸਾਰਿਆਂ ਨੇ ਹੌਸਲਾ ਦਿਖਾਇਆ ਅਤੇ ਇਕ-ਦੂਜੇ ਨੂੰ ਦਿਲਾਸਾ ਦਿੱਤਾ। ਤੁਹਾਡੇ ਜਜ਼ਬੇ ਨੂੰ ਸਲਾਮ ਹੈ।’’ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਗੱਲਬਾਤ ਦੀ ਵੀਡੀਓ ਮੁਤਾਬਕ ਮੋਦੀ ਨੇ ਕਿਹਾ ਕਿ ਉਹ ਬਚਾਅ ਕਾਰਜਾਂ ਦੀ ਪਲ-ਪਲ ਦੀ ਜਾਣਕਾਰੀ ਲੈ ਰਹੇ ਸਨ ਅਤੇ ਮੁੱਖ ਮੰਤਰੀ ਦੇ ਲਗਾਤਾਰ ਸੰਪਰਕ ’ਚ ਸਨ। ‘ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਵੀ ਉਥੇ ਬੈਠੇ ਸਨ। ਪਰ ਸਿਰਫ਼ ਜਾਣਕਾਰੀ ਹਾਸਲ ਕਰ ਲੈਣ ਨਾਲ ਹੀ ਚਿੰਤਾ ਘੱਟ ਨਹੀਂ ਹੋ ਜਾਂਦੀ ਸੀ।’ ਬਿਹਾਰ ਦੇ ਇਕ ਵਰਕਰ ਸਬਾ ਅਹਿਮਦ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਭਾਵੇਂ ਕਈ ਦਿਨਾਂ ਤੋਂ ਸੁਰੰਗ ’ਚ ਫਸੇ ਹੋਏ ਸਨ ਪਰ ਉਨ੍ਹਾਂ ’ਚ ਕੋਈ ਖ਼ੌਫ਼ ਜਾਂ ਘਬਰਾਹਟ ਨਹੀਂ ਸੀ। ਅਹਿਮਦ ਨੇ ਕਿਹਾ,‘‘ਅਸੀਂ ਸਾਰੇ ਭਰਾਵਾਂ ਵਾਂਗ ਇਕੱਠੇ ਸਾਂ। ਅਸੀਂ ਰਾਤ ਦੇ ਖਾਣੇ ਮਗਰੋਂ ਸੁਰੰਗ ਅੰਦਰ ਸੈਰ ਕਰਦੇ ਸੀ। ਮੈਂ ਸਾਰਿਆਂ ਨੂੰ ਸਵੇਰ ਦੀ ਸੈਰ ਅਤੇ ਯੋਗ ਕਰਨ ਲਈ ਆਖਦਾ ਸੀ। ਅਸੀਂ ਉੱਤਰਾਖੰਡ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਵੀ ਕੇ ਸਿੰਘ ਦੇ ਵੀ ਧੰਨਵਾਦੀ ਹਾਂ।’’ ਇਕ ਹੋਰ ਵਰਕਰ ਗੱਬਰ ਸਿੰਘ ਨੇਗੀ ਨੇ ਕਿਹਾ ਕਿ ਜਦੋਂ ਤੁਹਾਡੇ ਵਰਗੇ ਪ੍ਰਧਾਨ ਮੰਤਰੀ ਹੋਣ ਜਿਨ੍ਹਾਂ ਹੋਰ ਮੁਲਕਾਂ ਤੋਂ ਲੋਕਾਂ ਨੂੰ ਬਚਾ ਕੇ ਮੁਲਕ ਲਿਆਂਦਾ ਹੈ ਤਾਂ ਅਸੀਂ ਤਾਂ ਆਪਣੇ ਹੀ ਦੇਸ਼ ’ਚ ਫਸੇ ਹੋਏ ਸੀ। ਇਸ ਲਈ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੀ। ਮੋਦੀ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਗੱਲਬਾਤ ਤੋਂ ਪਹਿਲਾਂ ਵਰਕਰਾਂ ਦਾ ਮੈਡੀਕਲ ਚੈਕਅੱਪ ਹੋਵੇ ਅਤੇ ਡਾਕਟਰਾਂ ਨੇ ਦੱਸਿਆ ਕਿ ਸਾਰੇ ਵਰਕਰ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਸੁਰੱਖਿਆ ਲਈ 140 ਕਰੋੜ ਭਾਰਤੀ ਚਿੰਤਿਤ ਸਨ। ਮਿਰਜ਼ਾਪੁਰ (ਯੂਪੀ) ਦੇ ਅਖਿਲੇਸ਼ ਕੁਮਾਰ ਨੇ ਮੁੱਖ ਮੰਤਰੀ ਧਾਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਵਰਕਰਾਂ ਨਾਲ ਗੱਲਬਾਤ ਕਰਦੇ ਰਹੇ ਸਨ। ਛਪਰਾ (ਬਿਹਾਰ) ਦੇ ਸੋਨੂ ਸਾਹ ਨੇ ਪ੍ਰਧਾਨ ਮੰਤਰੀ ਅਤੇ ਬਚਾਅ ਟੀਮਾਂ ਦਾ ਧੰਨਵਾਦ ਕੀਤਾ। ਗੱਲਬਾਤ ਦੌਰਾਨ ਵਰਕਰਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਉਨ੍ਹਾਂ ਦੇ ਨਾਅਰਿਆਂ ਨੂੰ ਸੁਣ ਕੇ ਪ੍ਰੇਰਿਤ ਹੋਵੇਗਾ।