ਨਹਿਰੂ ਦੀਆਂ ਗਲਤੀਆਂ ਦਾ ਕਸ਼ਮੀਰ ਨੇ ਭੁਗਤਿਆ ਖਮਿਆਜ਼ਾ: ਸ਼ਾਹ

ਨਹਿਰੂ ਦੀਆਂ ਗਲਤੀਆਂ ਦਾ ਕਸ਼ਮੀਰ ਨੇ ਭੁਗਤਿਆ ਖਮਿਆਜ਼ਾ: ਸ਼ਾਹ

ਨਹਿਰੂ ਦੀਆਂ ਗਲਤੀਆਂ ਦਾ ਕਸ਼ਮੀਰ ਨੇ ਭੁਗਤਿਆ ਖਮਿਆਜ਼ਾ: ਸ਼ਾਹ
ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀਆਂ ਦੋ ਵੱਡੀਆਂ ਗਲਤੀਆਂ ਦਾ ਖਮਿਆਜ਼ਾ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਈ ਸਾਲਾਂ ਤੱਕ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ ਅਤੇ ਖਿੱਤੇ ਲਈ 24 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੱਦਬੰਦੀ ਤੋਂ ਬਾਅਦ ਜੰਮੂ ਖਿੱਤੇ ’ਚ ਸੀਟਾਂ ਦੀ ਗਿਣਤੀ 37 ਤੋਂ ਵਧ ਕੇ 43 ਹੋ ਜਾਵੇਗੀ। ਇਸੇ ਤਰ੍ਹਾਂ ਕਸ਼ਮੀਰ ਵਾਦੀ ’ਚ ਵਿਧਾਨ ਸਭਾ ਦੀਆਂ 46 ਸੀਟਾਂ ਦੀ ਗਿਣਤੀ ਵਧ ਕੇ 47 ਹੋ ਜਾਵੇਗੀ। ਲੋਕ ਸਭਾ ’ਚ ਜੰਮੂ ਕਸ਼ਮੀਰ ਰਾਖਵਾਂਕਰਨ (ਸੋਧ) ਬਿੱਲ ਅਤੇ ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ ’ਤੇ ਬਹਿਸ ਦਾ ਜਵਾਬ ਦਿੰਦਿਆਂ ਸ਼ਾਹ ਨੇ ਕਿਹਾ ਕਿ ਨਹਿਰੂ ਨੇ ਪੂਰਾ ਕਸ਼ਮੀਰ ਜਿੱਤੇ ਬਿਨਾਂ ਗੋਲੀਬੰਦੀ ਦਾ ਐਲਾਨ ਕਰਨ ਅਤੇ ਮੁੱਦੇ ਨੂੰ ਸੰਯੁਕਤ ਰਾਸ਼ਟਰ ’ਚ ਲਿਜਾਣ ਦੀਆਂ ਵੱਡੀਆਂ ਗਲਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਨਹਿਰੂ ਨੇ ਸਹੀ ਕਦਮ ਚੁੱਕੇ ਹੁੰਦੇ ਤਾਂ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਹੋਂਦ ’ਚ ਨਹੀਂ ਆਉਂਦਾ। ਨਹਿਰੂ ਦੇ ਸੰਦਰਭ ’ਚ ਸ਼ਾਹ ਵੱਲੋਂ ਕੀਤੀਆਂ ਗਈ ਟਿੱਪਣੀਆਂ ਦਾ ਵਿਰੋਧ ਕਰਦਿਆਂ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕੀਤਾ ਪਰ ਉਹ ਥੋੜ੍ਹੀ ਦੇਰ ਬਾਅਦ ਸਦਨ ’ਚ ਪਰਤ ਆਏ। ਜੰਮੂ ਕਸ਼ਮੀਰ ਬਾਰੇ ਬਿੱਲਾਂ ’ਚੋਂ ਇਕ ’ਚ ਮਹਿਲਾ ਸਮੇਤ ਦੋ ਕਸ਼ਮੀਰੀ ਪੰਡਤਾਂ ਨੂੰ ਨਾਮਜ਼ਦ ਕਰਨ ਤੇ ਪੀਓਕੇ ਤੋਂ ਉਜੜੇ ਲੋਕਾਂ ’ਚੋਂ ਇਕ ਸੀਟ ਜੰਮੂ ਕਸ਼ਮੀਰ ਵਿਧਾਨ ਸਭਾ ਲਈ ਰਾਖਵੀਂ ਰੱਖੀ ਜਾਵੇਗੀ। ਸ਼ਾਹ ਨੇ ਕਿਹਾ,‘‘ਜਦੋਂ ਸਾਡੀ ਫ਼ੌਜ ਜਿੱਤ ਰਹੀ ਸੀ ਅਤੇ ਜਿਵੇਂ ਹੀ ਉਹ ਪੰਜਾਬ ਦੇ ਇਲਾਕੇ ’ਚ ਪੁੱਜੀ ਤਾਂ ਗੋਲੀਬੰਦੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਮਕਬੂਜ਼ਾ ਕਸ਼ਮੀਰ ਦਾ ਜਨਮ ਹੋਇਆ। ਜੇਕਰ ਗੋਲੀਬੰਦੀ ਤਿੰਨ ਦਿਨਾਂ ਬਾਅਦ ਐਲਾਨੀ ਜਾਂਦੀ ਤਾਂ ਪੀਓਕੇ ਭਾਰਤ ਦਾ ਹੀ ਹਿੱਸਾ ਹੁੰਦਾ।’’ ਸ਼ਾਹ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 ’ਚ ਮੁੜ ਪ੍ਰਧਾਨ ਮੰਤਰੀ ਬਣਨਗੇ ਅਤੇ 2026 ਤੱਕ ਜੰਮੂ ਕਸ਼ਮੀਰ ’ਚੋਂ ਅਤਿਵਾਦ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ। ਗ੍ਰਹਿ ਮੰਤਰੀ ਦੇ ਜਵਾਬ ਮਗਰੋਂ ਦੋਵੇਂ ਬਿੱਲ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤੇ ਗਏ। ਸ਼ਾਹ ਨੇ ਕਿਹਾ,‘‘ਮੇਰਾ ਮੰਨਣਾ ਹੈ ਕਿ ਕਸ਼ਮੀਰ ਮਾਮਲੇ ਨੂੰ ਸੰਯੁਕਤ ਰਾਸ਼ਟਰ ’ਚ ਨਹੀਂ ਲਿਜਾਇਆ ਜਾਣਾ ਚਾਹੀਦਾ ਸੀ ਪਰ ਜੇਕਰ ਲਿਜਾਣਾ ਸੀ ਤਾਂ ਸੰਯੁਕਤ ਰਾਸ਼ਟਰ ਦੇ ਚਾਰਟਰ 51 ਤਹਿਤ ਲਿਜਾਇਆ ਜਾਂਦਾ ਪਰ ਚਾਰਟਰ 35 ਤਹਿਤ ਇਸ ਨੂੰ ਲਿਜਾਇਆ ਗਿਆ।’’ ਸ਼ਾਹ ਮੁਤਾਬਕ ਨਹਿਰੂ ਨੇ ਖੁਦ ਮੰਨਿਆ ਸੀ ਕਿ ਇਹ ਗਲਤੀ ਸੀ ਪਰ ਉਹ ਮੰਨਦੇ ਹਨ ਕਿ ਇਹ ਵੱਡੀ ਗਲਤੀ ਸੀ। ਇਸ ਦੌਰਾਨ ਬੀਜੂ ਜਨਤਾ ਦਲ ਦੇ ਭਰਤਰੁਹਰੀ ਮਾਹਤਾਬ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਹਿਮਾਲੀਅਨ ਬਲੰਡਰ (ਵਿਸ਼ਾਲ ਭੁੱਲ) ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ। ਸ਼ਾਹ ਨੇ ਕਿਹਾ ਕਿ ਵੱਡੀ ਗਲਤੀ ਆਖਣ ਨਾਲ ਹੀ ਵਿਰੋਧੀ ਧਿਰ ਬੁਖਲਾ ਗਈ ਹੈ ਅਤੇ ਜੇਕਰ ਉਨ੍ਹਾਂ ‘ਹਿਮਾਲਿਅਨ ਬਲੰਡਰ’ ਦੀ ਵਰਤੋਂ ਕੀਤੀ ਹੁੰਦੀ ਦਾਂ ਉਨ੍ਹਾਂ ਅਸਤੀਫ਼ਾ ਦੇ ਦੇਣਾ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਟਿੱਪਣੀਆਂ ਕਿਸੇ ਦਾ ਅਪਮਾਨ ਨਹੀਂ ਹਨ ਅਤੇ ਇਹ ਸਿਰਫ਼ ਮੁੱਦੇ ਦੇ ਸੰਦਰਭ ’ਚ ਵਰਤੀਆਂ ਗਈਆਂ ਹਨ। ਧਾਰਾ 370 ਬਾਰੇ ਸ਼ਾਹ ਨੇ ਕਿਹਾ ਕਿ ਇਹ ਆਰਜ਼ੀ ਸੀ ਤੇ ਇਸ ਨੂੰ ਹਟਾਉਣਾ ਹੀ ਪੈਣਾ ਸੀ। ‘ਤੁਹਾਡੇ ’ਚ ਧਾਰਾ ਹਟਾਉਣ ਦੀ ਹਿੰਮਤ ਨਹੀਂ ਸੀ ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਰੱਦ ਕਰ ਦਿੱਤਾ।’

Radio Mirchi