ਅਮਰੀਕਾ ਵੱਲੋਂ ਗਾਜ਼ਾ ’ਚ ਗੋਲੀਬੰਦੀ ਤੇ ਬੰਧਕਾਂ ਦੀ ਰਿਹਾਈ ਲਈ ਕੋਸ਼ਿਸ਼ਾਂ

ਅਮਰੀਕਾ ਵੱਲੋਂ ਗਾਜ਼ਾ ’ਚ ਗੋਲੀਬੰਦੀ ਤੇ ਬੰਧਕਾਂ ਦੀ ਰਿਹਾਈ ਲਈ ਕੋਸ਼ਿਸ਼ਾਂ
ਤਲ ਅਵੀਵ-ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੇ ਮੁਖੀ ਵਿਲੀਅਮ ਜੇ ਬਰਨਜ਼ ਅੱਜ ਇਜ਼ਰਾਈਲ ਤੇ ਕਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਲਈ ਯੂਰੋਪ ਪਹੁੰਚ ਗਏ ਹਨ। ਇਸ ਵਾਰਤਾ ’ਚ ਨਵੀਂ ਗੋਲੀਬੰਦੀ ਤੇ ਗਾਜ਼ਾ ਵਿਚ ਬੰਧਕਾਂ ਦੀ ਰਿਹਾਈ ਉਤੇ ਸਮਝੌਤੇ ’ਤੇ ਚਰਚਾ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਨੇ ਹਮਾਸ ਵਿਰੁੱਧ ਜੰਗੀ ਮੁਹਿੰਮ ਨੂੰ ਘੱਟ ਕਰਨ ਬਾਰੇ ਇਜ਼ਰਾਇਲੀ ਸੈਨਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ। ਇਜ਼ਰਾਈਲ ਦੇ ਕਰੀਬੀ ਫਰਾਂਸ, ਬਰਤਾਨੀਆ ਤੇ ਜਰਮਨੀ ਵੀ ਹਫ਼ਤੇ ਦੇ ਅਖੀਰ ਵਿਚ ਜੰਗਬੰਦੀ ਲਾਗੂ ਕਰਨ ਦੀ ਆਲਮੀ ਮੰਗ ਵਿਚ ਸ਼ਾਮਲ ਹੋ ਗਏ ਹਨ। ਇਜ਼ਰਾਇਲੀ ਸੈਨਾ ਵੱਲੋਂ ਗਲਤੀ ਨਾਲ ਚਲਾਈ ਗਈ ਗੋਲੀ ਵਿਚ ਤਿੰਨ ਇਜ਼ਰਾਇਲੀ ਬੰਧਕਾਂ ਦੀ ਮੌਤ ਤੋਂ ਬਾਅਦ ਸਾਰੇ ਬੰਧਕਾਂ ਦੀ ਰਿਹਾਈ ਲਈ ਹਮਾਸ ਨਾਲ ਨਵੇਂ ਸਿਰਿਓਂ ਗੱਲਬਾਤ ਲਈ ਰੋਸ ਪ੍ਰਦਰਸ਼ਨ ਹੋ ਰਹੇ ਹਨ। ਅਮਰੀਕਾ ਗਾਜ਼ਾ ਵਿਚ ਵੱਡੀ ਗਿਣਤੀ ਆਮ ਨਾਗਰਿਕਾਂ ਦੀਆਂ ਮੌਤਾਂ ’ਤੇ ਕਈ ਵਾਰ ਚਿੰਤਾ ਜ਼ਾਹਿਰ ਕਰ ਚੁੱਕਾ ਹੈ। ਹਾਲਾਂਕਿ ਸੋਮਵਾਰ ਇਜ਼ਰਾਇਲੀ ਅਧਿਕਾਰੀਆਂ ਨਾਲ ਵਾਰਤਾ ਤੋਂ ਬਾਅਦ ਅਮਰੀਕੀ ਰੱਖਿਆ ਮੰਤਰੀ ਲੌਇਡ ਜੇ ਆਸਟਿਨ ਨੇ ਕਿਹਾ ਕਿ ਇਹ ਇਜ਼ਰਾਈਲ ਦੀ ਮੁਹਿੰਮ ਹੈ, ਉਹ ਇਜ਼ਰਾਈਲ ਲਈ ਸਮਾਂ-ਸੀਮਾ ਜਾਂ ਸ਼ਰਤਾਂ ਤੈਅ ਕਰਨ ਨਹੀਂ ਆਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵਿਚ ਗੋਲੀਬੰਦੀ ਦੇ ਮਤੇ ਨੂੰ ਵੀਟੋ ਕਰ ਦਿੱਤਾ ਸੀ ਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣ ਲਈ ਵੱਡੇ ਕਦਮ ਚੁੱਕਣ ਲਈ ਦਬਾਅ ਪਾਉਂਦਿਆਂ ਆਪਣੇ ਕਰੀਬੀ ਸਹਿਯੋਗੀ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਵੀ ਕੀਤੀ ਸੀ। ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਨੇ ਮਨੁੱਖੀ ਮਦਦ ਤੱਕ ਬਿਨਾਂ ਅੜਿੱਕਾ ਪਹੁੰਚ ਤੇ ਜੰਗ ਨੂੰ ਰੋਕਣ ਲਈ ਅਰਬ ਦੇਸ਼ਾਂ ਵੱਲੋਂ ਤਜਵੀਜ਼ਤ ਮਤੇ ਉਤੇ ਅੱਜ ਮਤਦਾਨ ਵਿਚ ਦੇਰੀ ਕੀਤੀ।