ਬ੍ਰਿਜ ਭੂਸ਼ਨ ਦਾ ਵਫ਼ਾਦਾਰ ਸੰਜੈ ਸਿੰਘ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਣਿਆ

ਬ੍ਰਿਜ ਭੂਸ਼ਨ ਦਾ ਵਫ਼ਾਦਾਰ ਸੰਜੈ ਸਿੰਘ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਣਿਆ
ਨਵੀਂ ਦਿੱਲੀ-ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ’ਚ ਘਿਰੀ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਅੱਜ ਹੋਈਆਂ ਚੋਣਾਂ ਵਿੱਚ ਸੰਜੈ ਸਿੰਘ ਪ੍ਰਧਾਨ ਚੁਣੇ ਗਏ ਜਿਸ ਸਦਕਾ ਕੁਸ਼ਤੀ ਫੈਡਰੇਸ਼ਨ ਦਾ ਕੰਟਰੋਲ ਅਸਿੱਧੇ ਤੌਰ ’ਤੇ ਮੁੜ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਦੇ ਹੱਥਾਂ ਵਿੱਚ ਆ ਗਿਆ ਹੈ। ਉੱਤਰ ਪ੍ਰਦੇਸ਼ ਕੁਸ਼ਤੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਜੈ ਸਿੰਘ ਨੂੰ 40, ਜਦਕਿ ਉਸ ਦੀ ਵਿਰੋਧੀ ਅਨੀਤਾ ਸ਼ਿਓਰਾਨ ਨੂੰ ਸੱਤ ਵੋਟਾਂ ਮਿਲੀਆਂ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਅਨੀਤਾ ਦਾ ਪੈਨਲ ਹਾਲਾਂਕਿ ਜਨਰਲ ਸਕੱਤਰ ਦਾ ਅਹੁਦਾ ਆਪਣੇ ਨਾਂ ਕਰਨ ਵਿੱਚ ਸਫ਼ਲ ਰਿਹਾ, ਜਦੋਂ ਪ੍ਰੇਮ ਚੰਦ ਲੋਚਬ ਨੇ ਦਰਸ਼ਨ ਨਾਲ ਨੂੰ ਹਰਾਇਆ।
ਕੌਮੀ ਮਾਰਗ ’ਤੇ ਫੂਡ ਜੁਆਇੰਟਸ ਦੀ ਫਰੈਂਚਾਇਜ਼ੀ ਚਲਾਉਣ ਵਾਲੇ ਅਤੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਕਰੀਬੀ ਦਵਿੰਦਰ ਸਿੰਘ ਕਾਦੀਆਨ ਨੇ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਆਪਣੇ ਨਾਂ ਕੀਤਾ। ਉਨ੍ਹਾਂ ਆਈਡੀ ਨਾਨਾਵਤੀ ਨੂੰ 32-15 ਨਾਲ ਹਰਾਇਆ। ਬ੍ਰਿਜ ਭੂਸ਼ਨ ਦੇ ਖੇਮੇ ਨੇ 15 ਵਿੱਚੋਂ 13 ਅਸਾਮੀਆਂ ਆਪਣੇ ਨਾਂ ਕੀਤੀਆਂ। ਚੋਣ ਨਤੀਜਿਆਂ ਤੋਂ ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਬ੍ਰਿਜ ਭੂਸ਼ਨ ਖ਼ਿਲਾਫ਼ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਵਿਅਰਥ ਗਿਆ ਹੈ ਕਿਉਂਕਿ ਬਦਲਾਅ ਲਈ ਮੁਹਿੰਮ ਚਲਾਉਣ ਦੇ ਬਾਵਜੂਦ ਉਨ੍ਹਾਂ ਨੂੰ ਕੁਸ਼ਤੀ ਜਗਤ ਦਾ ਸਹਿਯੋਗ ਨਹੀਂ ਮਿਲਿਆ ਹੈ।
ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਦਾ ਇੱਕ ਕਰੀਬੀ ਹੁਣ ਪ੍ਰਧਾਨ ਹੈ। ਪਹਿਲਵਾਨਾਂ ਨੇ ਬ੍ਰਿਜ ਭੂਸ਼ਨ ’ਤੇ ਕਥਿਤ ਤੌਰ ’ਤੇ ਜੂਨੀਅਰ ਪਹਿਲਵਾਨਾਂ ਸਣੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਤੇ ਉਹ ਸਮਾਜ ਦੇ ਵੱਖ ਵੱਖ ਵਰਗਾਂ ਤੋਂ ਭਾਰੀ ਸਮਰਥਨ ਹਾਸਲ ਕਰਨ ’ਚ ਕਾਮਯਾਬ ਰਹੇ ਸੀ। ਹਾਲਾਂਕਿ ਪਹਿਲਵਾਨਾਂ ਦਾ ਪ੍ਰਦਰਸ਼ਨ ਉਦੋਂ ਅਸਫ਼ਲ ਹੋ ਗਿਆ ਜਦੋਂ ਉਨ੍ਹਾਂ 28 ਮਈ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਕਰਨ ਦੀ ਯੋਜਨਾ ਉਲੀਕੀ ਅਤੇ ਦਿੱਲੀ ਪੁਲੀਸ ਨੇ ਦੰਗਾ ਕਰਨ ਦੇ ਦੋਸ਼ ਹੇਠ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਤੋਂ ਹਟਾ ਦਿੱਤਾ। ਪਹਿਲਵਾਨਾਂ ਨੇ ਅਧਿਕਾਰਕ ਤੌਰ ’ਤੇ ਸੱਤ ਜੂਨ ਨੂੰ ਆਪਣਾ ਵਿਰੋਧ ਬੰਦ ਕਰ ਦਿੱਤਾ ਸੀ, ਜਦੋਂ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਬ੍ਰਿਜ ਭੂਸ਼ਨ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਜਾਂ ਕਰੀਬੀ ਸਹਿਯੋਗੀ ਨੂੰ ਡਬਲਿਊਐੱਫਆਈ ਚੋਣਾਂ ਵਿੱਚ ਉੱਤਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਆਰਐੱਸਐੱਸ ਨਾਲ ਜੁੜੇ ਸੰਜੈ ਸਿੰਘ ਵਾਰਾਨਸੀ ਦੇ ਰਹਿਣ ਵਾਲੇ ਹਨ ਅਤੇ ਬ੍ਰਿਜ ਭੂਸ਼ਨ ਦੇ ਬਹੁਤ ਨੇੜਲੇ ਸਹਿਯੋਗੀ ਹਨ। ਸਾਬਕਾ ਪ੍ਰਧਾਨ ਦੀ ਖੇਡ ਵਿੱਚ ਜਬਰਦਸਤ ਰੁਚੀ ਦੇਖਦਿਆਂ ਇਹ ਉਮੀਦ ਹੈ ਕਿ ਸੰਜੈ ਸਿੰਘ ਨੀਤੀਗਤ ਫ਼ੈਸਲਿਆਂ ਵਿੱਚ ਉਨ੍ਹਾਂ ਤੋਂ ਸਲਾਹ ਲੈਣਗੇ।
ਨਵੀਂ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਨਾਲ ਡਬਲਿਊਐੱਫਆਈ ’ਤੇ ਲੱਗੇ ਆਲਮੀ ਸੰਚਾਲਨ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਦੀ ਪਾਬੰਦੀ ਨੂੰ ਹਟਾਉਣ ਦਾ ਰਾਹ ਸਾਫ਼ ਹੋ ਜਾਵੇਗਾ। ਯੂਡਬਲਿਊਡਬਲਿਊ ਨੇ ਸਮੇਂ ’ਤੇ ਚੋਣਾਂ ਨਾ ਕਰਵਾਉਣ ਲਈ ਡਬਲਿਊਐੱਫਆਈ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਨਾਲ ਭਾਰਤੀ ਪਹਿਲਵਾਨਾਂ ਨੂੰ 2023 ਵਿਸ਼ਵ ਚੈਂਪੀਅਨਸ਼ਪਿ ਵਿੱਚ ਨਿਰਪੱਖ ਖਿਡਾਰੀਆਂ ਵਜੋਂ ਮੁਕਾਬਲਾ ਕਰਨ ਲਈ ਮਜਬੂਰ ਹੋਣਾ ਪਿਆ। ਚੋਣ ਪ੍ਰਕਿਰਿਆ ਜੁਲਾਈ ਵਿੱਚ ਸ਼ੁਰੂ ਕੀਤੀ ਗਈ ਸੀ ਪਰ ਅਦਾਲਤ ਵਿੱਚ ਵੱਖ ਵੱਖ ਮਾਮਲਿਆਂ ਕਾਰਨ ਇਸ ’ਚ ਦੇਰੀ ਹੋਈ। ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲਾਈ ਗਈ ਰੋਕ ਨੂੰ ਰੱਦ ਕਰ ਦਿੱਤਾ, ਜਿਸ ਨਾਲ ਡਬਲਿਊਐੱਫਆਈ ਦੀ ਨਵੀਂ ਪ੍ਰਬੰਧਕ ਸੰਸਥਾ ਦੀਆਂ ਚੋਣਾਂ ਦੀ ਪ੍ਰਕਿਰਿਆ ਲਈ ਰਾਹ ਸਾਫ਼ ਹੋਇਆ।