ਸੰਸਦ ਦੀ ਸੁਰੱਖਿਆ ਹੁਣ ਸੀਆਈਐੱਸਐੱਫ ਹਵਾਲੇ

ਸੰਸਦ ਦੀ ਸੁਰੱਖਿਆ ਹੁਣ ਸੀਆਈਐੱਸਐੱਫ ਹਵਾਲੇ
ਨਵੀਂ ਦਿੱਲੀ-ਸਰਕਾਰ ਨੇ ਸੰਸਦ ਭਵਨ ਕੰਪਲੈਕਸ ਦੀ ਸੁਰੱਖਿਆ ਵਿਚ ਹਾਲ ਹੀ ਵਿੱਚ ਲੱਗੀ ਸੰਨ੍ਹ ਦੀ ਘਟਨਾ ਮਗਰੋਂ ਇਸ ਦੀ ਸੁਰੱਖਿਆ ਦਾ ਜ਼ਿੰਮਾ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਹਵਾਲੇ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ।
ਸੀਆਈਐੱਸਐੱਫ ਹਵਾਈ ਅੱਡਿਆਂ ਦੀ ਸੁਰੱਖਿਆ ਦੀ ਤਰ੍ਹਾਂ ਨਵੇਂ ਤੇ ਪੁਰਾਣੇ ਸੰਸਦੀ ਕੰਪਲੈਕਸ ਤੱਕ ਸੁਰੱਖਿਆ ਨੂੰ ਕੰਟਰੋਲ ਕਰੇਗਾ ਜਿੱਥੇ ਵਿਅਕਤੀਆਂ ਦੇ ਸਰੀਰ ਦੀ ਤਲਾਸ਼ੀ ਹੱਥ ਨਾਲ ਫੜੇ ਜਾਣ ਵਾਲੇ ਡਿਟੈਕਟਰਾਂ ਰਾਹੀਂ ਲਈ ਜਾਵੇਗੀ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਐਕਸ-ਰੇਅ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ। ਜੁੱਤਿਆਂ, ਭਾਰੀ ਜੈਕੇਟਾਂ ਤੇ ਬੈਲਟਾਂ ਨੂੰ ਇੱਕ ਟਰੇਅ ’ਤੇ ਰੱਖ ਕੇ ਤੇ ਸਕੈਨਰ ’ਚੋਂ ਲੰਘਾ ਕੇ ਸਕੈਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੰਸਦੀ ਕੰਪਲੈਕਸ ’ਚ ਜਾਣ ਵਾਲੇ ਲੋਕਾਂ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਲੀ ਪੁਲੀਸ ਹਵਾਲੇ ਸੀ। ਸੀਆਈਐੱਸਐੱਫ ਇੱਕ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐੱਫ) ਹੈ ਜੋ ਇਸ ਸਮੇਂ ਪ੍ਰਮਾਣੂ ਤੇ ਏਅਰੋਸਪੇਸ ਡੋਮੇਨ (ਉਡਾਣ ਉਦਯੋਗ ਸਬੰਧੀ) ਅਧੀਨ ਆਉਂਦੇ ਅਦਾਰਿਆਂ, ਨੀਮ ਫੌਜੀ ਹਵਾਈ ਅੱਡਿਆਂ ਅਤੇ ਦਿੱਲੀ ਮੈਟਰੋ ਤੋਂ ਇਲਾਵਾ ਕੌਮੀ ਰਾਜਧਾਨੀ ’ਚ ਕਈ ਕੇਂਦਰੀ ਮੰਤਰਾਲਿਆਂ ਦੇ ਭਵਨਾਂ ਦੀ ਸੁਰੱਖਿਆ ਕਰਦਾ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਤੇ ਦਿਨ ਸੰਸਦੀ ਭਵਨ ਕੰਪਲੈਕਸ ਨੂੰ ਇਸ ਸਬੰਧੀ ਨਿਰਦੇਸ਼ ਦਿੱਤਾ ਤਾਂ ਜੋ ਵੱਡੇ ਪੱਧਰ ’ਤੇ ਸੀਆਈਐੱਸਐੱਫ ਸੁਰੱਖਿਆ ਤੇ ਫਾਇਰ ਬ੍ਰਿਗੇਡ ਦੀ ਇਕਾਈ ਪੱਕੇ ਤੌਰ ’ਤੇ ਤਾਇਨਾਤ ਕੀਤੀ ਜਾ ਸਕੇ। ਸੰਸਦ ਭਵਨ ਦੀ ਸਾਰੀ ਸੁਰੱਖਿਆ ਸੀਆਈਐੱਸਐੱਫ ਹਵਾਲੇ ਕਰਨ ਦਾ ਫ਼ੈਸਲਾ ਗ੍ਰਹਿ ਮੰਤਰਾਲੇ ਵੱਲੋਂ ਸਿਧਾਂਤਕ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕੀਤਾ ਗਿਆ ਸੀ। ਸੁਰੱਖਿਆ ਦੀ ਨਿਗਰਾਨੀ ਤੇ ਵਾਰਡ ਦੇ ਮੈਂਬਰਾਂ ਨੂੰ ਵੀ ਸੀਆਈਐੱਸਐੱਫ ਕੇਂਦਰ ’ਚ ਮਨੁੱਖੀ ਤੇ ਸਾਮਾਨ ਦੀ ਜਾਂਚ ਦੀ ਸਿਖਲਾਈ ਦੇਣ ਲਈ ਬੈਚਾਂ ਵਿਚ ਭੇਜਿਆ ਜਾਵੇਗਾ। ਕੇਂਦਰ ਸਰਕਾਰ ਦੇ ਮੰਤਰਾਲਿਆਂ ਦੀ ਸੁਰੱਖਿਆ ਕਰਨ ਵਾਲੀ ਸੀਆਈਐੱਸਐੱਫ ਦੀ ਸਰਕਾਰੀ ਭਵਨ ਸੁਰੱਖਿਆ ਇਕਾਈ ਦੇ ਮਾਹਿਰ ਅਤੇ ਮੌਜੂਦਾ ਸੰਸਦੀ ਸੁਰੱਖਿਆ ਟੀਮ ਦੇ ਅਧਿਕਾਰੀਆਂ ਨਾਲ ਫਾਇਰ ਬ੍ਰਿਗੇਡ ਤੇ ਬਚਾਅ ਅਧਿਕਾਰੀ ਇਸ ਹਫ਼ਤੇ ਦੇ ਅੰਤ ’ਚ ਸਰਵੇਖਣ ਸ਼ੁਰੂ ਕਰਨਗੇ।