ਖੇਡ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਮੁਅੱਤਲ
ਖੇਡ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਮੁਅੱਤਲ
ਨਵੀਂ ਦਿੱਲੀ-ਖੇਡ ਮੰਤਰਾਲੇ ਨੇ ਅੱਜ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਨਵੀਂ ਚੁਣੀ ਸੰਸਥਾ ਨੇ ਢੁੱਕਵੀਂ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਅਤੇ ਪਹਿਲਵਾਨਾਂ ਨੂੰ ਤਿਆਰੀ ਲਈ ਢੁੱਕਵਾਂ ਸਮਾਂ ਦਿੱਤੇ ਬਿਨਾਂ ਅੰਡਰ-15 ਤੇ ਅੰਡਰ-20 ਕੌਮੀ ਚੈਂਪੀਅਨਸ਼ਿਪ ਕਰਾਉਣ ਦਾ ਜਲਦਬਾਜ਼ੀ ਨਾਲ ਐਲਾਨ ਕਰ ਦਿੱਤਾ ਸੀ। ਮੰਤਰਾਲੇ ਨੇ ਨਾਲ ਹੀ ਕਿਹਾ ਕਿ ਨਵੀਂ ਸੰਸਥਾ ਪੂਰੀ ਤਰ੍ਹਾਂ ਨਾਲ ਸਾਬਕਾ ਅਹੁਦੇਦਾਰਾਂ ਦੇ ਕੰਟਰੋਲ ਹੇਠ ਕੰਮ ਕਰ ਰਹੀ ਸੀ। ਖੇਡ ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੂੰ ਪੱਤਰ ਲਿਖ ਕੇ ਡਬਲਯੂਐੱਫਆਈ ਦੇ ਮਾਮਲਿਆਂ ਦੇ ਪ੍ਰਬੰਧਨ ਤੇ ਕੰਟਰੋਲ ਲਈ ਐਡਹਾਕ ਕਮੇਟੀ ਬਣਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਡਬਲਯੂਐੱਫਆਈ ਦੀਆਂ ਚੋਣਾਂ 21 ਦਸੰਬਰ ਨੂੰ ਹੋਈਆਂ ਸਨ ਜਿਸ ਵਿੱਚ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਨਜ਼ਦੀਕੀ ਸੰਜੈ ਸਿੰਘ ਤੇ ਉਸ ਦੇ ਪੈਨਲ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।ਖੇਡ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਨਵੀਂ ਸੰਸਥਾ ਨੇ ਡਬਲਯੂਐੱਫਆਈ ਦੇ ਸੰਵਿਧਾਨ ਦਾ ਪਾਲਣ ਨਹੀਂ ਕੀਤਾ। ਫੈਡਰੇਸ਼ਨ ਅਗਲੇ ਹੁਕਮਾਂ ਤੱਕ ਮੁਅੱਤਲ ਰਹੇਗੀ। ਡਬਲਯੂਐੱਫਆਈ ਕੁਸ਼ਤੀ ਦਾ ਰੋਜ਼ਾਨਾ ਦਾ ਕੰਮਕਾਰ ਨਹੀਂ ਦੇਖੇਗੀ। ਉਨ੍ਹਾਂ ਨੂੰ ਢੁੱਕਵੀਂ ਪ੍ਰਕਿਰਿਆ ਤੇ ਨਿਯਮਾਂ ਦਾ ਪਾਲਣ ਕਰਨ ਦੀ ਲੋੜ ਹੈ।’ ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨਾਲ ਬ੍ਰਿਜਭੂਸ਼ਨ ਖ਼ਿਲਾਫ਼ ਸੰਘਰਸ਼ ਦੀ ਅਗਵਾਈ ਕਰਨ ਵਾਲੇ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਸਾਬਕਾ ਪ੍ਰਧਾਨ ਦੇ ਨਜ਼ਦੀਕੀ ਸੰਜੈ ਸਿੰਘ ਦੇ ਡਬਲਯੂਐੱਫਆਈ ਪ੍ਰਧਾਨ ਬਣਨ ਦੇ ਵਿਰੋਧ ’ਚ ਲੰਘੇ ਸ਼ੁੱਕਰਵਾਰ ਨੂੰ ਆਪਣਾ ਪਦਮਸ੍ਰੀ ਪੁਰਸਕਾਰ ਸਰਕਾਰ ਨੂੰ ਮੋੜ ਦਿੱਤਾ ਸੀ। ਇਸ ਤੋਂ ਇੱਕ ਦਿਨ ਪਹਿਲਾਂ ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਸੀ। ਸੂਤਰਾਂ ਨੇ ਇਸ ਕਾਰਵਾਈ ਦੇ ਕਾਰਨਾਂ ਬਾਰੇ ਦੱਸਦਿਆਂ ਕਿਹਾ, ‘ਡਬਲਯੂਐਫਆਈ ਦੇ ਨਵੇਂ ਚੁਣੇ ਪ੍ਰਧਾਨ ਸੰਜੈ ਸਿੰਘ ਨੇ 21 ਦਸੰਬਰ 2023 ਨੂੰ ਪ੍ਰਧਾਨ ਚੁਣੇ ਜਾਣ ਵਾਲੇ ਦਿਨ ਹੀ ਐਲਾਨ ਕੀਤਾ ਕਿ ਕੁਸ਼ਤੀ ਲਈ ਅੰਡਰ-15 ਤੇ ਅੰਡਰ-20 ਕੌਮੀ ਚੈਂਪੀਅਨਸ਼ਿਪ ਸਾਲ ਖਤਮ ਹੋਣ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਗੌਂਡਾ ਦੇ ਨੰਦਿਨੀ ਨਗਰ ’ਚ ਹੋਵੇਗੀ।’ ਉਨ੍ਹਾਂ ਕਿਹਾ, ‘ਇਹ ਐਲਾਨ ਜਲਦਬਾਜ਼ੀ ’ਚ ਕੀਤਾ ਗਿਆ ਹੈ। ਉਨ੍ਹਾਂ ਪਹਿਲਵਾਨਾਂ ਨੂੰ ਲੋੜੀਂਦੀ ਸੂਚਨਾ ਨਹੀਂ ਦਿੱਤੀ ਗਈ ਜਿਨ੍ਹਾਂ ਉਕਤ ਕੌਮੀ ਮੁਕਾਬਲੇ ਵਿੱਚ ਹਿੱਸਾ ਲੈਣਾ ਹੈ। ਡਬਲਯੂਐੱਫਆਈ ਦੇ ਸੰਵਿਧਾਨ ਦੀਆਂ ਮੱਦਾਂ ਦਾ ਪਾਲਣ ਵੀ ਨਹੀਂ ਕੀਤਾ ਗਿਆ।’ ਮੰਤਰਾਲੇ ਦੇ ਸੂਤਰਾਂ ਨੇ ਕਿਹਾ, ‘ਡਬਲਯੂਐੱਫਆਈ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਨਿਯਮ 3 (ਈ) ਅਨੁਸਾਰ ਡਬਲਯੂਐੱਫਆਈ ਦਾ ਮਕਸਦ ਹੋਰ ਗੱਲਾਂ ਤੋਂ ਇਲਾਵਾ ਕਾਰਜਕਾਰੀ ਕਮੇਟੀ ਵੱਲੋਂ ਚੋਣਵੇਂ ਸਥਾਨਾਂ ’ਤੇ ਯੂਡਬਲਯੂਡਬਲਯੂ (ਯੁਨਾਈਟਿਡ ਵਰਲਡ ਰੈਸਲਿੰਗ) ਦੇ ਨਿਯਮਾਂ ਅਨੁਸਾਰ ਸੀਨੀਅਰ, ਜੂਨੀਅਰ ਤੇ ਸਬ-ਜੂਨੀਅਰ ਕੌਮੀ ਚੈਂਪੀਅਨਸ਼ਿਪ ਕਰਾਉਣ ਦਾ ਪ੍ਰਬੰਧ ਕਰਨਾ ਹੈ।’ ਸੂਤਰਾਂ ਨੇ ਕਿਹਾ ਕਿ ਨਵੀਂ ਸੰਸਥਾ ਨੇ ਉਸੇ ਕੰਪਲੈਕਸ (ਬ੍ਰਿਜਭੂਸ਼ਨ ਦਾ ਅਧਿਕਾਰਤ ਬੰਗਲਾ) ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਪਿਛਲੇ ਅਹੁਦੇਦਾਰ ਕੰਮ ਕਰਦੇ ਸਨ ਅਤੇ ਜਿੱਥੇ ਕਥਿਤ ਤੌਰ ’ਤੇ ਖਿਡਾਰੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਸੀ। ਮੌਜੂਦਾ ਸਮੇਂ ਇਸ ਮਾਮਲੇ ਦੀ ਅਦਾਲਤ ’ਚ ਸੁਣਵਾਈ ਚੱਲ ਰਹੀ ਹੈ। ਸੂਤਰਾਂ ਨੇ ਕਿਹਾ, ‘ਅਜਿਹਾ ਲਗਦਾ ਹੈ ਕਿ ਨਵੀਂ ਚੁਣੀ ਸੰਸਥਾ ਸਾਬਕਾ ਅਹੁਦੇਦਾਰਾਂ ਦੇ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਜੋ ਖੇਡ ਜ਼ਾਬਤੇ ਦਾ ਪੂਰੀ ਤਰ੍ਹਾਂ ਉਲੰਘਣ ਹੈ।’
ਇਸ ਮਗਰੋਂ ਖੇਡ ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੂੰ ਡਬਲਯੂਐੱਫਆਈ ਦਾ ਕੰਮਕਾਰ ਦੇਖਣ ਲਈ ਐਡਹਾਕ ਕਮੇਟੀ ਬਣਾਉਣ ਦੀ ਅਪੀਲ ਕੀਤੀ। ਮੰਤਰਾਲੇ ਨੇ ਆਈਓਏ ਨੂੰ ਜਲਦੀ ਤੋਂ ਜਲਦੀ ਪੈਨਲ ਗਠਿਤ ਕਰਨ ਲਈ ਲਿਖਿਆ ਹੈ। ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਲਿਖੇ ਪੱਤਰ ’ਤੇ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਤਰੁਣ ਪਾਰਿਕ ਦੇ ਦਸਤਖ਼ਤ ਹਨ। ਇਸ ਵਿੱਚ ਲਿਖਿਆ ਗਿਆ ਹੈ, ‘ਡਬਲਯੂਐੱਫਆਈ ਦੇ ਸਾਬਕਾ ਅਹੁਦੇਦਾਰਾਂ ਦੇ ਪ੍ਰਭਾਵ ਤੇ ਕੰਟਰੋਲ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਡਬਲਯੂਐੱਫਆਈ ਦੇ ਸੰਚਾਲਨ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ।’ ਇਸ ਵਿੱਚ ਲਿਖਿਆ ਗਿਆ ਹੈ, ‘ਖੇਡ ਸੰਗਠਨਾਂ ’ਚ ਚੰਗੇ ਸ਼ਾਸਨ ਦੇ ਸਿਧਾਂਤ ਬਣਾਏ ਰੱਖਣ ਲਈ ਤੁਰੰਤ ਤੇ ਸਖਤ ਸੁਧਾਰ ਵਾਲੇ ਕਦਮ ਚੁੱਕਣ ਦੀ ਲੋੜ ਹੈ। ਇਸ ਲਈ ਇਹ ਆਈਓਏ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਡਬਲਯੂਐੱਫਆਈ ਦੇ ਮਾਮਲੇ ਦੇਖਣ ਲਈ ਅੰਤਰਿਮ ਤੌਰ ’ਤੇ ਢੁੱਕਵਾਂ ਪ੍ਰਬੰਧ ਕਰੇ ਤਾਂ ਜੋ ਕੁਸ਼ਤੀ ਨਾਲ ਸਬੰਧਤ ਖਿਡਾਰੀਆਂ ਦਾ ਕਿਸੇ ਵੀ ਢੰਗ ਨਾਲ ਕੋਈ ਨੁਕਸਾਨ ਨਾ ਹੋਵੇ ਅਤੇ ਨਾਲ ਹੀ ਚੰਗਾ ਪ੍ਰਸ਼ਾਸਨ ਵੀ ਖਤਰੇ ’ਚ ਨਾ ਪਵੇ।’ ਡਬਲਯੂਐੱਫਆਈ ਦੇ ਨਵੇਂ ਚੁਣੇ ਜਨਰਲ ਸਕੱਤਰ ਪ੍ਰੇਮ ਚੰਦ ਲੋਚਾਬ ਨੇ ਚੋਣਾਂ ਤੋਂ ਇੱਕ ਦਿਨ ਬਾਅਦ ਸੰਜੈ ਸਿੰਘ ਨੂੰ ਲਿਖਿਆ ਸੀ ਕਿ ‘ਕੁਝ ਰਾਜਾਂ ਨੇ ਉਮਰ ਵਰਗ ਅਤੇ ਜੂਨੀਅਰ ਕੌਮੀ ਚੈਂਪੀਅਨਸ਼ਿਪ ਦੇ ਪ੍ਰੋਗਰਾਮ ਤੇ ਥਾਂ ’ਚ ਤਬਦੀਲੀ ਕਰਨ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ।’ ਰੇਲਵੇ ਸਪੋਰਟਸ ਕੰਟਰੋਲ ਬੋਰਡ ਦੇ ਸਾਬਕਾ ਸਕੱਤਰ ਲੋਚਾਬ ਨੇ ਕਿਹਾ, ‘ਇਸ ਸਬੰਧ ਵਿੱਚ 21-12-23 ਨੂੰ ਨਵੀਂ ਚੁਣੀ ਕਾਰਜਕਾਰੀ ਕੌਂਸਲ ਦੀ ਚੋਣ ਤੋਂ ਬਾਅਦ ਇਸ ਦੇ ਸੰਵਿਧਾਨ ਅਨੁਸਾਰ ਡਬਲਯੂਐੱਫਆਈ ਦੀ ਕਾਰਜਕਾਰੀ ਕਮੇਟੀ ਦੀ ਕੋਈ ਰੈਗੁਲਰ ਮੀਟਿੰਗ ਨਹੀਂ ਕੀਤੀ ਗਈ ਹੈ।’ ਉਨ੍ਹਾਂ ਕਿਹਾ, ‘ਇਸ ਨੂੰ ਧਿਆਨ ’ਚ ਰਖਦਿਆਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਸੂਬਾਈ ਐਸੋਸੀਏਸ਼ਨਾਂ ਦੀਆਂ ਸ਼ਿਕਾਇਤਾਂ ਜਾਇਜ਼ ਹਨ। ਉਨ੍ਹਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ ਤੇ 28-30 ਦਸੰਬਰ ਨੂੰ ਨੰਦਿਨੀ ਨਗਰ, ਗੌਂਡਾ ’ਚ ਕਰਵਾਈ ਜਾਣ ਵਾਲੀ ਅੰਡਰ-20 ਤੇ ਅੰਡਰ-15 ਕੌਮੀ ਕੁਸ਼ਤੀ ਚੈਂਪੀਅਨਸ਼ਿਪ 2023 ਟਾਲੀ ਜਾ ਸਕਦੀ ਹੈ।’