ਫਰਾਂਸ ’ਚ ਰੋਕੇ ਜਹਾਜ਼ ਨੂੰ ਤਿੰਨ ਦਿਨਾਂ ਬਾਅਦ ਉਡਾਣ ਦੀ ਇਜਾਜ਼ਤ ਮਿਲੀ
ਫਰਾਂਸ ’ਚ ਰੋਕੇ ਜਹਾਜ਼ ਨੂੰ ਤਿੰਨ ਦਿਨਾਂ ਬਾਅਦ ਉਡਾਣ ਦੀ ਇਜਾਜ਼ਤ ਮਿਲੀ
ਪੈਰਿਸ-ਮਨੁੱਖੀ ਤਸਕਰੀ ਦੇ ਸ਼ੱਕ ਵਿਚ ਫਰਾਂਸ ਦੇ ਅਧਿਕਾਰੀਆਂ ਨੇ ਜਿਹੜੇ ਹਵਾਈ ਜਹਾਜ਼ ਨੂੰ ਰੋਕਿਆ ਹੋਇਆ ਸੀ, ਉਸ ਨੂੰ ਅੱਜ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ 303 ਯਾਤਰੀਆਂ ਤੋਂ ਅੱਜ ਹਵਾਈ ਅੱਡੇ ’ਤੇ ਚਾਰ ਜੱਜਾਂ ਨੇ ਸਵਾਲ-ਜਵਾਬ ਕਰਨੇ ਸ਼ੁਰੂ ਕਰ ਦਿੱਤੇ ਸਨ। ਗੌਰਤਲਬ ਹੈ ਕਿ ਨਿਕਾਰਾਗੁਆ ਜਾ ਰਹੀ ਜਿਸ ਉਡਾਣ ਨੂੰ ਫਰਾਂਸੀਸੀ ਅਧਿਕਾਰੀਆਂ ਨੇ ਪੈਰਿਸ ਤੋਂ 150 ਕਿਲੋਮੀਟਰ ਦੂਰ ਵੈਟਰੀ ਹਵਾਈ ਅੱਡੇ ਉਤੇ ਵੀਰਵਾਰ ਨੂੰ ਰੋਕਿਆ ਸੀ, ਉਸ ਵਿਚ ਜ਼ਿਆਦਾਤਰ ਭਾਰਤੀ ਸਨ। ਜੱਜਾਂ ਕੋਲ ਇਨ੍ਹਾਂ ਯਾਤਰੀਆਂ ਦੀ ਹਿਰਾਸਤ ਵਧਾਉਣ ਦਾ ਹੱਕ ਸੀ। ਇਸ ਨੂੰ 8 ਦਿਨਾਂ ਤੱਕ ਵਧਾਇਆ ਜਾ ਸਕਦਾ ਸੀ। ਇਕ ਫਰਾਂਸੀਸੀ ਮੀਡੀਆ ਰਿਪੋਰਟ ਮੁਤਾਬਕ ਜੱਜਾਂ ਕੋਲ ਯਾਤਰੀਆਂ ਨਾਲ ਗੱਲ ਕਰਨ ਲਈ ਦੋ ਦਿਨ ਸਨ ਤੇ ਟਰਾਂਸਲੇਟਰ ਗੱਲ ਕਰਨ ਵਿਚ ਮਦਦ ਕਰ ਰਹੇ ਸਨ। ਰਿਪੋਰਟ ਮੁਤਾਬਕ ਕੁਝ ਯਾਤਰੀ ਹਿੰਦੀ ਬੋਲ ਰਹੇ ਸਨ ਤੇ ਕੁਝ ਤਮਿਲ ਬੋਲ ਰਹੇ ਸਨ। ਜਹਾਜ਼ ਨੂੰ ਉਡਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਫਰਾਂਸੀਸੀ ਜੱਜਾਂ ਨੇ 300 ਯਾਤਰੀਆਂ ਦੀ ਸੁਣਵਾਈ ਰੱਦ ਕਰਨ ਦਾ ਫੈਸਲਾ ਲਿਆ ਕਿਉਂਕਿ ਪ੍ਰਕਿਰਿਆ ਵਿਚ ਬੇਨਿਯਮੀਆਂ ਸਨ। ਜਹਾਜ਼ ਹੁਣ ਭਲਕੇ ਸਵੇਰੇ ਉਡਾਣ ਭਰੇਗਾ। ਇਸ ਦੀ ਮੰਜ਼ਿਲ ਬਾਰੇ ਹਾਲੇ ਕੁਝ ਪਤਾ ਨਹੀਂ ਪਰ ਇਹ ਭਾਰਤ ਵੀ ਆ ਸਕਦਾ ਹੈ, ਜਾਂ ਫਿਰ ਨਿਕਾਰਾਗੁਆ ਜਾਂ ਦੁਬਈ ਵੀ ਜਾ ਸਕਦਾ ਹੈ ਜਿੱਥੋਂ ਇਹ ਉਡਿਆ ਸੀ। ਮੰਨਿਆ ਜਾ ਰਿਹਾ ਹੈ ਇਕ ਇਨ੍ਹਾਂ ਦਾ ਪਰਿਵਾਰਾਂ ਨਾਲ ਸੰਪਰਕ ਹੋ ਗਿਆ ਸੀ। ਯਾਤਰੀਆਂ ਦੀ ਹਿਰਾਸਤ ਪਹਿਲਾਂ ਸ਼ਨਿਚਰਵਾਰ ਸ਼ਾਮ ਤੱਕ 48 ਘੰਟਿਆਂ ਲਈ ਵਧਾਈ ਗਈ ਸੀ। ਇਹ ਜਹਾਜ਼ ਰੋਮਾਨੀਅਨ ਚਾਰਟਰ ਕੰਪਨੀ ਦਾ ਸੀ। ਕੰਪਨੀ ਦੇ ਵਕੀਲ ਨੇ ਤਸਕਰੀ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਕ ‘ਪਾਰਟਨਰ’ ਕੰਪਨੀ ਵੱਲੋਂ ਹਰੇਕ ਯਾਤਰੀ ਦੇ ਦਸਤਾਵੇਜ਼ ਦੇਖੇ ਜਾਣੇ ਸਨ ਜਿਨ੍ਹਾਂ ਜਹਾਜ਼ ਲਿਆ ਹੋਇਆ ਹੈ। ਵਕੀਲ ਨੇ ਕਿਹਾ ਕਿ ਇਸੇ ਕੰਪਨੀ ਵੱਲੋਂ ਉਨ੍ਹਾਂ ਨੂੰ ਉਡਾਣ ਤੋਂ 48 ਘੰਟੇ ਪਹਿਲਾਂ ਯਾਤਰੀਆਂ ਦੀ ਪਾਸਪੋਰਟ ਜਾਣਕਾਰੀ ਭੇਜੀ ਗਈ ਸੀ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਫਰਾਂਸ ਵਿਚਲੇ ਭਾਰਤੀ ਦੂਤਾਵਾਸ ਨੇ ਕਿਹਾ ਸੀ ਕਿ ਇਸ ਦਾ ਸਟਾਫ ਪੈਰਿਸ ਨੇੜਲੇ ਹਵਾਈ ਅੱਡੇ ਉਤੇ ਮੌਜੂਦ ਹੈ, ਤੇ ਭਾਰਤੀ ਨਾਗਰਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਦੂਤਾਵਾਸ ਨੇ ਮਗਰੋਂ ਫਰਾਂਸੀਸੀ ਅਥਾਰਿਟੀ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ ਸੀ। ਇਸ ਤੋਂ ਪਹਿਲਾਂ ਦੂਤਾਵਾਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤੀ ਨਾਗਰਿਕਾਂ ਤੱਕ ਕੌਂਸੁਲਰ ਪਹੁੰਚ ਦਿੱਤੀ ਗਈ ਹੈ।