ਭਾਰਤੀ ਸਫ਼ਾਰਤਖ਼ਾਨੇ ਵੱਲੋਂ ਅਮਰੀਕਾ ’ਚ ਸਾਹਿਬਜ਼ਾਦਿਆਂ ਦੇ ਸਨਮਾਨ ’ਚ ਪ੍ਰਦਰਸ਼ਨੀ
ਭਾਰਤੀ ਸਫ਼ਾਰਤਖ਼ਾਨੇ ਵੱਲੋਂ ਅਮਰੀਕਾ ’ਚ ਸਾਹਿਬਜ਼ਾਦਿਆਂ ਦੇ ਸਨਮਾਨ ’ਚ ਪ੍ਰਦਰਸ਼ਨੀ
ਨਿਊਯਾਰਕ-ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ‘ਵੀਰ ਬਾਲ ਦਿਵਸ’ ਮੌਕੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਬਹਾਦਰੀ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਈ ਗਈ। ਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਕੌਂਸਲੇਟ ਨੇ ਇਸ ਸਬੰਧੀ ‘ਐਕਸ’ ’ਤੇ ਲਿਖਿਆ, ‘ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਨਮਨ।’ ਉਨ੍ਹਾਂ ਕਿਹਾ ਕਿ ‘ਵੀਰ ਬਾਲ ਦਿਵਸ’ ਮੌਕੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਕੌਂਸਲੇਟ ਨੇ ਦੱਸਿਆ ਕਿ ਸਥਾਨਕ ਗੁਰਦੁਆਰੇ ਦੇ ਗ੍ਰੰਥੀ ਦੀ ਬੇਨਤੀ ’ਤੇ ਕੌਂਸਲੇਟ ਕੰਪਲੈਕਸ ਵਿੱਚ 28 ਦਸੰਬਰ ਤੱਕ ਪ੍ਰਦਰਸ਼ਨੀ ਲਗਾਈ ਜਾਵੇਗੀ। ਇਹ ਪ੍ਰਦਰਸ਼ਨੀ ਨਿਊਯਾਰਕ, ਨਿਊਜਰਸੀ ਅਤੇ ਕਨੈਕਟੀਕਟ ਦੇ ਗੁਰਦੁਆਰਿਆਂ ਵਿੱਚ ਵੀ ਲੱਗੇਗੀ। ਇਸ ਤੋਂ ਪਹਿਲਾਂ ਨਿਊਯਾਰਕ ਵਿੱਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਡਾ. ਵਰੁਣ ਜੈੱਫ ਨੇ ਕੁਈਨਜ਼ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਮੱਥਾ ਟੇਕਿਆ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸੰਗਤਾਂ ਨਾਲ ਕੀਰਤਨ ਸਰਵਣ ਕੀਤਾ। ਉਨ੍ਹਾਂ ਲੰਗਰ ਵੀ ਛਕਿਆ। ਇਸ ਦੌਰਾਨ ਗੁਰਦੁਆਰੇ ਵਿੱਚ ਸਰਦ ਰੁੱਤ ਕੈਂਪਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਵਿਦਿਆਰਥੀਆਂ ਨੂੰ ਵੀਰ ਬਾਲ ਦਿਵਸ ’ਤੇ ਵਿਸ਼ੇਸ਼ ਵੀਡੀਓ ਵੀ ਦਿਖਾਏ ਜਾ ਰਹੇ ਹਨ। ਹਿਊਸਟਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵਿੱਚ ਵੀ ‘ਵੀਰ ਬਾਲ ਦਿਵਸ’ ਮਨਾਇਆ ਗਿਆ ਅਤੇ ਪ੍ਰਦਰਸ਼ਨੀ ਲਗਾਈ ਗਈ। ਅਮਰੀਕਾ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਨੇ ‘ਐਕਸ’ ’ਤੇ ਕਿਹਾ, ‘‘ਵਿਸਕੌਨਸਿਨ ਦੇ ਬਰੁੱਕਫੀਲਡ ਗੁਰਦੁਆਰਾ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਫ਼ਾਰਤਖ਼ਾਨੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਪ੍ਰਮੁੱਖ ਸਿੱਖ ਅਤੇ ਭਾਰਤੀ-ਅਮਰੀਕੀ ਆਗੂਆਂ ਨੇ ਸ਼ਿਰਕਤ ਕੀਤੀ।’’