ਪਰਵਾਸੀ ਪੰਜਾਬੀਆਂ ਲਈ ਨਵੀਂ ਵੈੱਬਸਾਈਟ ਜਾਰੀ
ਪਰਵਾਸੀ ਪੰਜਾਬੀਆਂ ਲਈ ਨਵੀਂ ਵੈੱਬਸਾਈਟ ਜਾਰੀ
ਲੁਧਿਆਣਾ-ਪਰਵਾਸੀ ਪੰਜਾਬੀਆਂ (ਐੱਨਆਰਆਈਜ਼) ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐੱਨਆਰਆਈ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ ‘nri.punjab.gov.in’ ਜਾਰੀ ਕੀਤੀ ਹੈ। ਵੈੱਬਸਾਈਟ ਸ਼ੁਰੂ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਦੀ ਸਹਾਇਤਾ ਲਈ ਇਹ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਐੱਨਆਈਸੀ ਦੀ ਮਦਦ ਨਾਲ ਅਤਿ ਆਧੁਨਿਕ ਵੈੱਬਸਾਈਟ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਨਆਰਆਈਜ਼ ਦੇ ਬਕਾਇਆ ਮਸਲਿਆਂ ਦੇ ਹੱਲ ਲਈ 3 ਫਰਵਰੀ ਤੋਂ ਐੱਨਆਰਆਈ ਮਿਲਣੀਆਂ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਵੈੱਬਸਾਈਟ ’ਚ ਐੱਨਆਰਆਈ ਪੁਲੀਸ ਵਿੰਗ, ਕਮਿਸ਼ਨ ਅਤੇ ਐੱਨਆਰਆਈ ਸਭਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਜਾਣਕਾਰੀ ਵੀ ਇਕੋ ਕਲਿੱਕ ’ਤੇ ਹਾਸਲ ਹੋ ਜਾਵੇਗੀ। ਵੈੱਬਸਾਈਟ ਐੱਨਆਰਆਈਜ਼ ਨੂੰ ਆਪਣੇ ਦਸਤਾਵੇਜ਼ ਤਸਦੀਕ ਕਰਾਉਣ ’ਚ ਵੀ ਸਹਾਇਤਾ ਪ੍ਰਦਾਨ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਵੈੱਬਸਾਈਟ ’ਤੇ ਹੈਲਪਲਾਈਨ ਨੰਬਰ, ਈਮੇਲ ਪਤਿਆਂ ਅਤੇ ਵਟਸਐਪ ਸ਼ਿਕਾਇਤ ਨੰਬਰ ਦੀ ਜਾਣਕਾਰੀ ਵੀ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਵੈੱਬਸਾਈਟ ’ਤੇ ਸੂਬਾ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨਾਲ ਰਜਿਸਟਰਡ ਟਰੈਵਲ ਏਜੰਟਾਂ ਅਤੇ ਏਜੰਸੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਸੂਬਾ ਸਰਕਾਰ ਅੰਤਰਰਾਸ਼ਟਰੀ ਟਰਮੀਨਲ ਦੇ ਪਹੁੰਚ ਹਾਲ ਵਿਖੇ ‘ਪੰਜਾਬ ਸਹਾਇਤਾ ਕੇਂਦਰ’ ਦੀ ਸਥਾਪਨਾ ਕਰੇਗੀ। ਇਹ ਕੇਂਦਰ 24 ਘੰਟੇ ਕੰਮ ਕਰੇਗਾ ਤੇ ਟਰਮੀਨਲ ਵਿਖੇ ਐੱਨਆਰਆਈਜ਼ ਤੇ ਹੋਰ ਮੁਸਾਫ਼ਰਾਂ ਨੂੰ ਢੁੱਕਵੀਂ ਸਹਾਇਤਾ ਪ੍ਰਦਾਨ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਹਵਾਈ ਅੱਡੇ ਉੱਤੇ ਉਡਾਣਾਂ ਦੇ ਪਹੁੰਚਣ, ਹੋਰ ਉਡਾਣਾਂ, ਟੈਕਸੀ ਸੇਵਾਵਾਂ, ਸਾਮਾਨ ਗੁਆਚਣ ਬਾਰੇ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰ ਸਹੂਲਤਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ 15 ਫਰਵਰੀ ਤੋਂ ਹਲਵਾਰਾ ਟਰਮੀਨਲ ਤੋਂ ਵੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਏਅਰਪੋਰਟ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਉਡਾਣਾਂ ਲਈ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ।