ਬਠਿੰਡਾ ਰਿਫ਼ਾਈਨਰੀ ਵਿੱਚ ‘ਜਬਰੀ ਵਸੂਲੀ’ ਦਾ ਮੁੱਦਾ ਮੁੜ ਉਭਰਿਆ
ਬਠਿੰਡਾ ਰਿਫ਼ਾਈਨਰੀ ਵਿੱਚ ‘ਜਬਰੀ ਵਸੂਲੀ’ ਦਾ ਮੁੱਦਾ ਮੁੜ ਉਭਰਿਆ
ਚੰਡੀਗੜ੍ਹ-ਬਠਿੰਡਾ ਜ਼ਿਲ੍ਹੇ ਵਿਚਲੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ’ਚ ਜਬਰੀ ਵਸੂਲੀ ਦਾ ਮੁੱਦਾ ਮੁੜ ਉਭਰਿਆ ਹੈ। ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ (ਕੈਬਨਿਟ ਰੈਂਕ) ਨੇ ‘ਓਵਰਲੋਡਿੰਗ’ ਦੇ ਹਵਾਲੇ ਨਾਲ ਬਠਿੰਡਾ ਪ੍ਰਸ਼ਾਸਨ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ ਜਦੋਂ ਕਿ ਦੂਜੇ ਪਾਸੇ ਇੱਕ ਕਾਰੋਬਾਰੀ ਨੇ ਵੀ ਐੱਸਐੱਸਪੀ ਨੂੰ ਪੱਤਰ ਲਿਖ ਕੇ ਰਿਫ਼ਾਈਨਰੀ ’ਚੋਂ ਜਬਰੀ ਵਸੂਲੀ ਦਾ ਪਾਜ ਖੋਲ੍ਹਿਆ ਹੈ। ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਬਠਿੰਡਾ ਦੇ ਐੱਸਐੱਸਪੀ ਨੂੰ ਪੱਤਰ (ਨੰਬਰ 204/23) ਲਿਖ ਕੇ ਕਿਹਾ ਹੈ ਕਿ ਰਿਫ਼ਾਈਨਰੀ ਦੇ ਕੁੱਝ ਅਧਿਕਾਰੀਆਂ ਅਤੇ ਬਾਹਰੀ ਟਰਾਂਸਪੋਰਟਰਾਂ ਦੀ ਮਿਲੀਭੁਗਤ ਨਾਲ ‘ਓਵਰਲੋਡਿੰਗ’ ਕਰਨ ਦਾ ਅਮਲ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਨਾਜਾਇਜ਼ ਚੱਲਦੀਆਂ ਗੱਡੀਆਂ ਦੀ ਗੱਲ ਵੀ ਆਖੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਸ ਨੂੰ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਚੇਤੇ ਰਹੇ ਕਿ ਸਾਲ 2018 ਵਿਚ ਰਿਫ਼ਾਈਨਰੀ ਦੇ ਜਬਰੀ ਵਸੂਲੀ ਦੇ ਮਾਮਲੇ ਨੂੰ ‘ਪੰਜਾਬੀ ਟ੍ਰਿਬਿਊਨ’ ਨੇ ਪ੍ਰਮੁੱਖਤਾ ਨਾਲ ਉਭਾਰਿਆ ਸੀ ਅਤੇ ਉਸ ਵੇਲੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਸੂਲੀ ਰੋਕ ਦਿੱਤੀ ਸੀ। ਹੁਣ ‘ਆਪ’ ਵਿਧਾਇਕਾ ਨੇ ਐੱਸਐੱਸਪੀ ਨੂੰ ਪੱਤਰ ’ਚ ਲਿਖਿਆ ਹੈ, ‘ਤੁਹਾਨੂੰ ਫ਼ੋਨ ਰਾਹੀਂ ਕੀਤੀ ਬੇਨਤੀ ’ਤੇ ਤੁਸੀਂ ਮੈਨੂੰ ਪੂਰਨ ਵਿਸ਼ਵਾਸ ਦੁਆਇਆ ਸੀ ਕਿ ‘ਓਵਰਲੋਡਿੰਗ’ ਕਰ ਰਹੇ ਗਰੋਹ ਨੂੰ ਇੱਕ ਮਹੀਨੇ ਵਿਚ ਖ਼ਤਮ ਕਰ ਦਿੱਤਾ ਜਾਵੇਗਾ?’ ਵਿਧਾਇਕਾ ਨੇ ਐੱਸਐੱਸਪੀ ਤੋਂ ਉਮੀਦ ਪ੍ਰਗਟਾਈ ਹੈ ਕਿ ਉਹ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨਗੇ। ‘ਆਪ’ ਦੀ ਚੀਫ਼ ਵ੍ਹਿਪ ਬਲਜਿੰਦਰ ਕੌਰ ਨੇ ਕਿਹਾ ਹੈ ਕਿ ਓਵਰਲੋਡਿੰਗ ਕਰ ਕੇ ਉਨ੍ਹਾਂ ਦੇ ਹਲਕੇ ਵਿਚ ਸੜਕ ਹਾਦਸੇ ਹੋ ਰਹੇ ਹਨ ਅਤੇ ਹਲਕੇ ਦੇ ਲੋਕਾਂ ਨੇ ਕਰਜ਼ੇ ਲੈ ਕੇ ਗੱਡੀਆਂ ਖ਼ਰੀਦੀਆਂ ਸਨ ਜਿਨ੍ਹਾਂ ਨੂੰ ਰਿਫ਼ਾਈਨਰੀ ਵੱਲੋਂ ਓਵਰਲੋਡਿੰਗ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਿਧਾਇਕਾ ਨੇ ਰਿਫ਼ਾਈਨਰੀ ਪ੍ਰਸ਼ਾਸਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ ਰਿਫ਼ਾਈਨਰੀ ਵੱਲੋਂ ਕੋਈ ਵੀ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਇਸ ਤੋਂ ਇਲਾਵਾ ਰਿਫ਼ਾਈਨਰੀ ਸਾਈਟ ਦੇ ਕਾਰੋਬਾਰੀ ਅਸ਼ੋਕ ਕੁਮਾਰ ਬਾਂਸਲ ਨੇ ਵੀ ਬਠਿੰਡਾ ਦੇ ਐੱਸਐੱਸਪੀ ਨੂੰ 16 ਨਵੰਬਰ ਨੂੰ ਪੱਤਰ ਲਿਖਿਆ ਸੀ ਕਿ ਪੁਲੀਸ ਦੀ ਮਿਲੀਭੁਗਤ ਨਾਲ ਰਿਫ਼ਾਈਨਰੀ ’ਚੋਂ ਜਬਰੀ ਵਸੂਲੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 16 ਨਵੰਬਰ ਨੂੰ ਇੱਕ ਬੋਲੇਰੋ ਜੀਪ ਵਿਚ ਸਵਾਰ ਵਿਅਕਤੀ ਆਏ ਜਿਨ੍ਹਾਂ ਵਿਚ ਇੱਕ ਪੁਲੀਸ ਮੁਲਾਜ਼ਮ ਵੀ ਸੀ। ਇਨ੍ਹਾਂ ਵਿਅਕਤੀਆਂ ਨੇ ਸਾਈਟ ਵਿਚ ਦਾਖਲ ਹੋ ਕੇ ਕਿਹਾ ਕਿ ਜੋ ਵੀ ਰੇਤਾ-ਬਜਰੀ ਦੇ ਟਰੱਕ ਸਾਈਟ ਦੇ ਅੰਦਰ ਆਏ ਹਨ, ਉਨ੍ਹਾਂ ਨੂੰ ਬਾਹਰ ਕੱਢੋ ਅਤੇ ਕੋਈ ਵੀ ਟਰੱਕ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਅੰਦਰ ਨਹੀਂ ਆਵੇਗਾ। ਪੁਲੀਸ ਮੁਲਾਜ਼ਮ ਨੇ ਬਜਰੀ ਦੇ ਖ਼ਾਲੀ ਟਰੱਕਾਂ ਦੇ ਨੰਬਰ ਵੀ ਨੋਟ ਕੀਤੇ। ਕਾਰੋਬਾਰੀ ਅਸ਼ੋਕ ਬਾਂਸਲ ਨੇ ਲਿਖਿਆ ਹੈ ਕਿ ਅਜਿਹੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।