ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦੇਹਾਂਤ

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦੇਹਾਂਤ

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦੇਹਾਂਤ
ਕੈਬਨਿਟ ਮੰਤਰੀ ਖੁੱਡੀਆਂ ਸਣੇ ਵੱਡੀ ਗਿਣਤੀ ਸ਼ਖ਼ਸੀਅਤਾਂ ਸਸਕਾਰ ਵਿੱਚ ਹੋਈਆਂ ਸ਼ਾਮਲ
ਸ੍ਰੀ ਮੁਕਤਸਰ ਸਾਹਿਬ-ਬੇਬਾਕ ਧਾਰਮਿਕ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ (80) ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਇੱਥੇ ਬੂੜਾ ਗੁੱਜਰ ਮਾਰਗ ’ਤੇ ਸਥਿਤ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਕੀਤਾ ਗਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਸਥਾਨਕ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਜਥੇਦਾਰ ਨੰਦਗੜ੍ਹ 2003 ਤੋਂ 2015 ਦੇ ਅਰਸੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ 1996 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਸਨ।
ਜਥੇਦਾਰ ਨੰਦਗੜ੍ਹ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਾਬਕਾ ਜਥੇਦਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਨੇ ਆਪਣਾ ਸਾਰਾ ਜੀਵਨ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਕੀਤਾ ਅਤੇ ਹਮੇਸ਼ਾ ਅੱਗੇ ਹੋ ਕੇ ਕੌਮ ਲਈ ਕੰਮ ਕੀਤਾ ਹੈ। ਇਸ ਮੌਕੇ ਉਨ੍ਹਾਂ ਜਥੇਦਾਰ ਨੰਦਗੜ੍ਹ ਦੇ ਪੁੱਤਰ ਸ਼ਿਵਰਾਜ ਸਿੰਘ ਨੰਦਗੜ੍ਹ (ਐੱਸਪੀ ਜੇਲ੍ਹਾਂ) ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੀ ਮੌਜੂਦ ਸਨ।
ਜਥੇਦਾਰ ਨੰਦਗੜ੍ਹ ਦਾ ਚਲੇ ਜਾਣਾ ਪੰਥਕ ਤੌਰ ’ਤੇ ਦੁੱਖਦਾਇਕ:ਜਥੇਦਾਰ ਰਘਬੀਰ ਸਿੰਘ
ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਦੇਹਾਂਤ ’ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਤੇ ਹੋਰਨਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਤੋਂ ਜਾਰੀ ਸ਼ੋਕ ਸੁਨੇਹੇ ਵਿੱਚ ਜਥੇਦਾਰ ਰਘਬੀਰ ਸਿੰਘ ਨੇ ਆਖਿਆ ਕਿ ਹਰੇਕ ਮਨੁੱਖ ਦਾ ਸੰਸਾਰ ਉੱਤੇ ਜਨਮ ਲੈਣਾ ਅਤੇ ਮੌਤ ਦਾ ਵਰਤਾਰਾ ਅਟੱਲ ਹੈ, ਪਰ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਪੰਥਕ ਤੌਰ ’ਤੇ ਦੁੱਖਦਾਇਕ ਹੁੰਦਾ ਹੈ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਅਜਿਹੀ ਸ਼ਖ਼ਸੀਅਤ ਸਨ। ਇਸ ਦੌਰਾਨ ਸ੍ਰੀ ਧਾਮੀ ਨੇ ਦੱਸਿਆ ਕਿ ਅੱਜ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਸ ਕੀਤਾ ਗਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਪੋਸਟ ਸਾਂਝੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਸਿੱਖ ਜਥੇਬੰਦੀ ਦਲ ਖਾਲਸਾ ਨੇ ਵੀ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆਂ ਉਨ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸਿਧਾਂਤਿਕ ਅਤੇ ਦ੍ਰਿੜ ਸਟੈਂਡ ਲਿਆ ਸੀ।
ਸੁਖਦੇਵ ਸਿੰਘ ਢੀਂਡਸਾ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਜਸਟਿਸ ਨਿਰਮਲ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਪਰਮਜੀਤ ਕੌਰ ਗੁਲਸ਼ਨ, ਹਰਜੀਤ ਕੌਰ ਤਲਵੰਡੀ, ਦਵਿੰਦਰ ਸਿੰਘ ਸੋਢੀ, ਅਰਜਨ ਸਿੰਘ ਸ਼ੇਰਗਿੱਲ ਅਤੇ ਰਣਧੀਰ ਸਿੰਘ ਰੱਖੜਾ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਧਾਰਮਿਕ, ਸਮਾਜਿਕ ਤੇ ਹੋਰਨਾਂ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਦੀ ਸਤਿਕਾਰਤ ਸ਼ਖ਼ਸੀਅਤ ਦਾ ਸਦੀਵੀਂ ਵਿਛੋੜਾ ਅਸਹਿ ਤੇ ਅਕਹਿ ਹੈ।

 

Radio Mirchi