ਸਿੱਧੂ ਦੀ ਰੈਲੀ ਨੂੰ ਲੈ ਕੇ ਜਟਾਣਾ ਤੇ ਲਾਡੀ ਹੋਏ ਆਹਮੋ-ਸਾਹਮਣੇ

ਸਿੱਧੂ ਦੀ ਰੈਲੀ ਨੂੰ ਲੈ ਕੇ ਜਟਾਣਾ ਤੇ ਲਾਡੀ ਹੋਏ ਆਹਮੋ-ਸਾਹਮਣੇ
ਬਠਿੰਡਾ-ਕਾਂਗਰਸ ਆਗੂ ਨਵਜੋਤ ਸਿੱਧੂ ਵੱਲੋਂ 7 ਜਨਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਕੀਤੀ ਜਾ ਰਹੀ ਰੈਲੀ ਤੋਂ ਪਹਿਲਾਂ ਕਾਂਗਰਸ ਪਾਰਟੀ ਦਾ ਕਾਟੋ-ਕਲੇਸ਼ ਵਧਦਾ ਜਾ ਰਿਹਾ ਹੈ। ਰੈਲੀ ਦੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ਅਤੇ ਬਠਿੰਡਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਖ਼ੁਸ਼ਬਾਜ਼ ਸਿੰਘ ਜਟਾਣਾ ਹੁਣ ਆਹਮੋ-ਸਾਹਮਣੇ ਨਿੱਤਰ ਆਏ ਹਨ। ਖ਼ੁਸ਼ਬਾਜ਼ ਸਿੰਘ ਜਟਾਣਾ ਨੇ ਕਿਹਾ ਕਿ ਹਰਵਿੰਦਰ ਸਿੰਘ ਲਾਡੀ ਪੰਜਾਬ ਕਾਂਗਰਸ ਨਾਲ ਸਬੰਧਤ ਨਹੀਂ ਹਨ। ਉਨ੍ਹਾਂ ਨੂੰ ‘ਭਾਰਤ ਜੋੜੋ’ ਯਾਤਰਾ ਵਿੱਚ ਸ਼ਮੂਲੀਅਤ ਨਾ ਕਰਨ ਅਤੇ ਸਹਿਯੋਗ ਦੀ ਘਾਟ ਕਾਰਨ ਪਿਛਲੇ ਸਾਲ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਰੈਲੀ ਬਾਰੇ ਕਿਹਾ, ‘‘ਇਹ ਇੱਕ ਨਿੱਜੀ ਸਮਾਗਮ ਹੈ। ਇਸ ਬਾਰੇ ਪੰਜਾਬ ਕਾਂਗਰਸ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਇਸ ਨੂੰ ਇੱਕ ਨਿੱਜੀ ਯਤਨ ਵਜੋਂ ਸਮਝਿਆ ਜਾਣਾ ਚਾਹੀਦਾ ਹੈ।’’ ਉਨ੍ਹਾਂ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਜੋ ਕਿ ਪਾਰਟੀ ਕੇਡਰ ਵਿੱਚ ਭੰਬਲਭੂਸਾ ਪੈਦਾ ਕਰਦੇ ਹਨ। ਉਨ੍ਹਾਂ ਵਿਅਕਤੀਗਤ ਕਾਰਵਾਈਆਂ ਅਤੇ ਪਾਰਟੀ ਦੀਆਂ ਪ੍ਰਵਾਨਿਤ ਗਤੀਵਿਧੀਆਂ ਵਿੱਚ ਅੰਤਰ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਦੂਜੇ ਪਾਸੇ ਮੋੜਵੇਂ ਜਵਾਬ ਵਜੋਂ ਜ਼ਿਲ੍ਹੇ ਦੇ ਕਈ ਕਾਂਗਰਸੀ ਆਗੂਆਂ, ਸਰਪੰਚਾਂ, ਪੰਚਾਂ ਤੇ ਮੋਹਤਬਰ ਸ਼ਖ਼ਸੀਅਤਾਂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਆਪਣੇ ਦਸਤਖ਼ਤਾਂ ਵਾਲਾ ਸਾਂਝਾ ਪੱਤਰ ਲਿਖਿਆ ਹੈ।
ਪੱਤਰ ਅਨੁਸਾਰ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਲਾਕੇ ਦੀ ਸੰਗਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਲੰਬੇ ਸਮੇਂ ਤੋਂ ਸਿੱਧੂ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਪਰ ਸਿੱਧੂ ਨੇ ਕਿਹਾ ਕਿ ਉਹ ਖੁਦ ਉਨ੍ਹਾਂ ਨੂੰ ਮਿਲਣ ਆਉਣਗੇ। ਉਨ੍ਹਾਂ ਵੱਲੋਂ ਹਾਮੀ ਭਰਨ ’ਤੇ ਸੰਗਤ ਅਤੇ ਵਰਕਰਾਂ ਨੇ ਉਨ੍ਹਾਂ ਨੂੰ 7 ਜਨਵਰੀ ਦਾ ਸੱਦਾ ਭੇਜਿਆ, ਜਿਸ ਨੂੰ ਉਨ੍ਹਾਂ ਸਵੀਕਾਰ ਕੀਤਾ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਕੋਟਸ਼ਮੀਰ ਵਿੱਚ ‘ਲੋਕ ਮਿਲਣੀ’ ਕਾਂਗਰਸ ਦੇ ਝੰਡੇ ਹੇਠ ਹੀ ਹੋ ਰਹੀ ਹੈ।
ਉਨ੍ਹਾਂ ਵੱਲੋਂ ਪੱਤਰ ਵਿੱਚ ਖੁਸ਼ਬਾਜ਼ ਸਿੰਘ ਜਟਾਣਾ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਹੈ ਕਿ ਉਹ ਭਲਕੇ 6 ਜਨਵਰੀ ਨੂੰ 12 ਵਜੇ ਤੱਕ ਹਰਵਿੰਦਰ ਸਿੰਘ ਲਾਡੀ ਨੂੰ ਕਾਂਗਰਸ ਪਾਰਟੀ ’ਚੋਂ ਕੱਢੇ ਜਾਣ ਬਾਰੇ ਆਪਣਾ ਬਿਆਨ ਵਾਪਸ ਲੈਣ ਅਤੇ ਆਪਣੀ ਗਲਤੀ ਮੰਨਣ ਨਹੀਂ ਤਾਂ ਕਾਨੂੰਨੀ ਕਾਰਵਾਈ ਵਜੋਂ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ। ਪੱਤਰ ਵਿੱਚ ਦੇਵੇਂਦਰ ਯਾਦਵ ਨੂੰ ਪਾਰਟੀ ਇੰਚਾਰਜ ਹੋਣ ਵਜੋਂ ‘ਲੋਕ ਮਿਲਣੀ’ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਹੈ।
ਹਰਵਿੰਦਰ ਸਿੰਘ ਲਾਡੀ ਨੇ ‘ਲੋਕ ਮਿਲਣੀ’ ਰੈਲੀ ਬਾਰੇ ਸਪੱਸ਼ਟ ਕੀਤਾ ਹੈ ਕਿ ਪ੍ਰੋਗਰਾਮ ਹਰ ਹੀਲੇ ਹੋਵੇਗਾ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ। ਖ਼ੁਸ਼ਬਾਜ਼ ਸਿੰਘ ਜਟਾਣਾ ਨੇ ਦਾਅਵਾ ਕੀਤਾ ਕਿ ਲਾਡੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੋ ਸਾਲ ਪਹਿਲਾਂ ਪਾਰਟੀ ’ਚੋਂ ਕੱਢਿਆ ਸੀ। ਉਹ ਇਸ ਬਾਰੇ ਚਿੱਠੀ ਜਨਤਕ ਕਰ ਸਕਦੇ ਹਨ।