ਬਾਦਲਾਂ ਖ਼ਿਲਾਫ਼ ਸਬੂਤ ਅਦਾਲਤ ’ਚ ਪੇਸ਼ ਕਰਾਂਗਾ: ਭਗਵੰਤ ਮਾਨ

ਬਾਦਲਾਂ ਖ਼ਿਲਾਫ਼ ਸਬੂਤ ਅਦਾਲਤ ’ਚ ਪੇਸ਼ ਕਰਾਂਗਾ: ਭਗਵੰਤ ਮਾਨ
ਸੰਗਰੂਰ/ਮਸਤੂਆਣਾ ਸਾਹਿਬ-ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬਾਦਲ ਪਰਿਵਾਰ ਦੇ ਪੰਜਾਬ ਵਿਰੋਧੀ ਪੈਂਤੜੇ ਅਤੇ ਕੰਮਾਂ ਦਾ ਪਰਦਾਫ਼ਾਸ਼ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ ਅਤੇ ਉਹ ਬਾਦਲਾਂ ਖ਼ਿਲਾਫ਼ ਸਬੂਤ ਅਦਾਲਤ ਵਿੱਚ ਪੇਸ਼ ਕਰਨਗੇ। ਸ੍ਰੀ ਮਾਨ ਨੇ ਪਿੰਡ ਕਾਂਝਲਾ ਵਿੱਚ ਵੱਖ-ਵੱਖ ਪਿੰਡਾਂ ਦੀਆਂ 14 ਲਾਇਬਰੇਰੀਆਂ ਦਾ ਉਦਘਾਟਨ ਕੀਤਾ ਅਤੇ ਸੰਗਰੂਰ ਵਿੱੱਚ ਹਾਕੀ ਐਸਟਰੋਟਰਫ ਅਤੇ ਵੇਟਲਿਫਟਿੰਗ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਖਿਡਾਰੀ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਹਾਕੀ ਟੀਮ ਵਿੱਚ ਦਸ ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਲਾਇਬਰੇਰੀਆਂ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਾਂਗ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਲਾਇਬਰੇਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਦਲਾਂ ਦੀਆਂ ਬੱਸਾਂ, ਹੋਟਲਾਂ ਅਤੇ ਹੋਰ ਵਧਾਏ ਕਾਰੋਬਾਰਾਂ ਦੇ ਦਸਤਾਵੇਜ਼ ਉਨ੍ਹਾਂ ਕੋਲ ਹਨ, ਜਿਸ ਬਾਰੇ ਉਹ ਲੋਕਾਂ ਨੂੰ ਵਿਸਥਾਰ ਨਾਲ ਦੱਸਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਆਪਣੀ ਜਾਇਦਾਦ ਬਚਾਉਣ ਲਈ ਕੇਸ ਲੜ ਰਹੇ ਹਨ, ਜਦੋਂ ਕਿ ਉਹ ਲੋਕਾਂ ਨੂੰ ਬਚਾਉਣ ਲਈ ਅਦਾਲਤ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਦੇ ਗੁਨਾਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਦੇ। ਆਮ ਚੋਣਾਂ ਸਬੰਧ ਸਵਾਲ ’ਤੇ ਮੁੱਖ ਮੰਤਰੀ ਨੇ ਆਪਣੇ ਅੰਦਾਜ਼ ਵਿੱਚ ‘ਦੇਸ਼ ’ਚ ਪੰਜਾਬ ਬਣੇਗਾ ਹੀਰੋ, ਲੋਕ ਸਭਾ ਚੋਣਾਂ ’ਚ ਇਸ ਵਾਰ 13-0’’ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ‘ਆਪ’ ਆਗਾਮੀ ਆਮ ਚੋਣਾਂ ਦੌਰਾਨ ਸੂਬੇ ਦੀਆਂ ਸਾਰੀਆਂ ਸੀਟਾਂ 13 ’ਤੇ ਜਿੱਤ ਹਾਸਲ ਕਰੇਗੀ ਅਤੇ ਬਾਕੀ ਪਾਰਟੀਆਂ ਦੇ ਖਾਤਾ ਵੀ ਨਹੀਂ ਖੁੱਲ੍ਹਣ ਦੇਵੇਗੀ।
ਕੇਂਦਰ ਸਰਕਾਰ ਵਲੋਂ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ’ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਜੇਕਰ ਦਿੱਲੀ ਵਾਲੇ ਪੰਜਾਬ ਦੀ ਝਾਕੀ ਨਹੀਂ ਦਿਖਾਉਣਗੇ ਤਾਂ ਕੀ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਯੋਧਿਆਂ ਦਾ ਮਾਣ-ਸਨਮਾਨ ਘੱਟ ਜਾਵੇਗਾ?’’ ਉਨ੍ਹਾਂ ਕਿਹਾ ਕਿ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਰਨ ਨਾਲ 26 ਜਨਵਰੀ ਨੂੰ ਹੋਣ ਵਾਲੀ ਪਰੇਡ ਦੀ ਸ਼ਾਨ ਵਧਣੀ ਸੀ। ਮਾਨ ਨੇ ਆਖਿਆ ਕਿ ਪੰਜਾਬ ਤੋਂ ਬਗ਼ੈਰ ਦਿੱਲੀ ਵਾਲੇ ਅਜ਼ਾਦੀ ਦੇ ਦਿਹਾੜੇ ਕਿਵੇਂ ਮਨਾ ਲੈਣਗੇ।
ਮਹਾਨ ਕੌਮੀ ਨਾਇਕਾਂ ਦੀ ਸ਼ਹਾਦਤ ਦਰਸਾਉਣ ਵਾਲੀਆਂ ਝਾਕੀਆਂ ਰੱਦ ਕਰਨ ਦਾ ਭਾਜਪਾ ਕੋਲ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾਂ ਆਖਿਆ, ‘‘ਕੇਂਦਰ ਨੇ ਅੱਜ ਅਗਲੇ ਤਿੰਨ ਸਾਲਾਂ ਲਈ 15 ਅਗਸਤ ਅਤੇ 26 ਜਨਵਰੀ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ ਜਿਸ ਵਿਚ ਪੰਜਾਬ ਦੀ ਝਾਕੀ ਜ਼ਰੂਰ ਸ਼ਾਮਲ ਹੋਇਆ ਕਰੇਗੀ। ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦਾ ਗੁੱਸਾ ਬਿਲਕੁਲ ਜਾਇਜ਼ ਸੀ।’’