ਟਿਕਟਾਂ ਦੀ ਵੰਡ ਤੋਂ ਪਹਿਲਾਂ ਵਰਕਰਾਂ ਦੇ ਦਰਾਂ ’ਤੇ ਪੁੱਜੀ ਕਾਂਗਰਸ
ਟਿਕਟਾਂ ਦੀ ਵੰਡ ਤੋਂ ਪਹਿਲਾਂ ਵਰਕਰਾਂ ਦੇ ਦਰਾਂ ’ਤੇ ਪੁੱਜੀ ਕਾਂਗਰਸ
ਜਲੰਧਰ/ਹੁਸ਼ਿਆਰਪੁਰ-ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ’ਚ ਕਿਸੇ ਹੋਰ ਪਾਰਟੀ ਨਾਲ ਗਠਜੋੜ ਬਾਰੇ ਕੋਈ ਵੀ ਫ਼ੈਸਲਾ ਪਾਰਟੀ ਆਗੂਆਂ ਤੇ ਵਰਕਰਾਂ ਦੀ ਰਾਇ ਨਾਲ ਹੀ ਲਿਆ ਜਾਵੇਗਾ। ਜਲੰਧਰ ਤੇ ਹੁਸ਼ਿਆਰਪੁਰ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਦੀ ਰਾਇ ਲੈਣ ਲਈ ਕਰਵਾਏ ਪ੍ਰੋਗਰਾਮਾਂ ’ਚ ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇਗੀ ਅਤੇ ਉਹ ਜੋ ਵੀ ਫੀਡਬੈਕ ਦੇਣਗੇ, ਪਾਰਟੀ ਹਾਈਕਮਾਨ ਉਸ ਅਨੁਸਾਰ ਹੀ ਫ਼ੈਸਲਾ ਕਰੇਗੀ। ਇਸ ਮੌਕੇ ਬਹੁਤੇ ਵਰਕਰਾਂ ਨੇ ਇਹ ਹੀ ਰਾਇ ਦਿੱਤੀ ਕਿ ਕਾਂਗਰਸ ਇਕੱਲਿਆਂ ਹੀ ਚੋਣਾਂ ਲੜੇ। ਜਲੰਧਰ ’ਚ ਕਾਂਗਰਸੀ ਆਗੂਆਂ ਦੀ ਮੀਟਿੰਗ ’ਚ ਦੇਵੇਂਦਰ ਯਾਦਵ ਤੇ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਦਾ ਨਾਂ ਲਏ ਬਿਨਾਂ ਅਨੁਸ਼ਾਸਨਹੀਣਤਾ ਖ਼ਿਲਾਫ਼ ਚਿਤਾਵਨੀ ਜਾਰੀ ਕੀਤੀ। ਯਾਦਵ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਵਰਕਰਾਂ ਦੀ ਸ਼ਿਕਾਇਤ ਹੈ ਕਿ ਅਨੁਸ਼ਾਸਨ ਤੋੜਨ ਵਾਲੇ ਛੋਟੇ ਨੇਤਾਵਾਂ ’ਤੇ ਕਾਰਵਾਈ ਕੀਤੀ ਜਾਂਦੀ ਹੈ, ਵੱਡੇ ਨੇਤਾਵਾਂ ’ਤੇ ਨਹੀਂ। ਇਸ ਬਾਰੇ ਉਹ ਪਾਰਟੀ ਹਾਈਕਮਾਨ ਨੂੰ ਜਾਣਕਾਰੀ ਦੇਣਗੇ। ਪ੍ਰਤਾਪ ਸਿੰਘ ਬਾਜਵਾ ਨੇ ਅਨੁਸ਼ਾਸਨਹੀਣਤਾ ਬਾਰੇ ਸੰਕੇਤਕ ਲਫ਼ਜ਼ਾਂ ’ਚ ਕਿਹਾ, ‘‘ਜਦੋਂ ਅੰਗੂਠਾ ਜ਼ਹਿਰ ਨਾਲ ਭਰ ਜਾਵੇ ਤਾਂ ਉਸ ਨੂੰ ਕੱਟ ਦੇਣਾ ਚਾਹੀਦਾ ਹੈ, ਨਹੀਂ ਤਾਂ ਬਾਅਦ ਵਿੱਚ ਲੱਤ ਕੱਟਣੀ ਪੈ ਸਕਦੀ ਹੈ, ਜਿਸ ਨਾਲ ਹੋਰ ਨੁਕਸਾਨ ਹੋਵੇਗਾ।’’ ਕਾਂਗਰਸ ਇੰਚਾਰਜ ਯਾਦਵ ਜਲੰਧਰ ਲੋਕ ਸਭਾ ਸੀਟ ਲਈ ਉਮੀਦਵਾਰ ਦੀ ਭਾਲ ਵਿੱਚ ਆਗੂਆਂ ਦੀ ਮੀਟਿੰਗ ਕਰਨ ਲਈ ਕਾਂਗਰਸ ਭਵਨ ਪੁੱਜੇ ਸਨ। ਮੀਟਿੰਗ ਵਿੱਚ ਫਿਲਹਾਲ ਕਿਸੇ ਦਾ ਨਾਂ ਫਾਈਨਲ ਨਹੀਂ ਹੋਇਆ ਹੈ। ਹੁਸ਼ਿਆਰਪੁਰ ’ਚ ਬਾਜਵਾ ਨੇ ਵਰਕਰਾਂ ਨੂੰ ਤਕੜੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।
ਯਾਦਵ ਨੇ ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕੀਤੀ ਤੇ ‘ਆਪ’ ਵੱਲੋਂ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦੇ ਐਲਾਨ ਸਬੰਧ ਸਵਾਲ ਦੇ ਜਵਾਬ ’ਚ ਆਖਿਆ ਕਿ ਉਹ ਪੰਜਾਬ ਦੇ ਸੀਨੀਅਰ ਤੇ ਜ਼ਮੀਨੀ ਪੱਧਰ ’ਤੇ ਸਰਗਰਮ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਾਂ। ਮੀਟਿੰਗਾਂ ਤੋਂ ਬਾਅਦ ਪੰਜਾਬ ’ਚ ਜੋ ਵੀ ਸਮੀਕਰਨ ਹੋਣਗੇ, ਉਸ ਬਾਰੇ ਦਿੱਲੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜਾਵੇਗਾ ਜਿਸ ਮਗਰੋਂ ਸਾਰੇ ਫ਼ੈਸਲੇ ਲਏ ਜਾਣਗੇ। ਮੀਟਿੰਗਾਂ ਵਿੱਚ ਰਾਜ ਕੁਮਾਰ ਚੱਬੇਵਾਲ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਅਮਰਜੀਤ ਸਿੰਘ ਸਮਰਾ ਸਾਬਕਾ ਮੰਤਰੀ ਪੰਜਾਬ, ਮਹਿੰਦਰ ਸਿੰਘ ਕੇ.ਪੀ, ਕਰਮਜੀਤ ਕੌਰ ਚੌਧਰੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਬਾਵਾ, ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ, ਦਿਹਾਤੀ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਡੋਗਰਾ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਵਿਧਾਇਕ ਡਾ. ਰਾਜ ਕੁਮਾਰ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।