ਰਾਹੁਲ ਵੱਲੋਂ ਅਸਾਮ ਸਰਕਾਰ ਨੂੰ ਹੋਰ ਕੇਸ ਦਰਜ ਕਰਨ ਦੀ ਚੁਣੌਤੀ

ਰਾਹੁਲ ਵੱਲੋਂ ਅਸਾਮ ਸਰਕਾਰ ਨੂੰ ਹੋਰ ਕੇਸ ਦਰਜ ਕਰਨ ਦੀ ਚੁਣੌਤੀ
ਬਾਰਪੇਟਾ-ਗੁਹਾਟੀ ਪੁਲੀਸ ਵੱਲੋਂ ਕੇਸ ਦਰਜ ਕੀਤੇ ਜਾਣ ਦੇ ਇਕ ਦਿਨ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਖ਼ਿਲਾਫ਼ ਜਿੰਨੇ ਮਰਜ਼ੀ ਕੇਸ ਦਰਜ ਕਰ ਸਕਦੀ ਹੈ ਪਰ ਉਨ੍ਹਾਂ ਨੂੰ ਡਰਾਇਆ ਨਹੀਂ ਜਾ ਸਕਦਾ ਹੈ। ਭਾਰਤ ਜੋੜੋ ਨਿਆਏ ਯਾਤਰਾ ਦੇ ਸੱਤਵੇਂ ਦਿਨ ਬਾਰਪੇਟਾ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਵਧ ਭ੍ਰਿਸ਼ਟ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ,‘‘ਮੈਂ ਨਹੀਂ ਜਾਣਦਾ ਕਿ ਹਿਮੰਤਾ ਬਿਸਵਾ ਸਰਮਾ ਨੂੰ ਇਹ ਵਿਚਾਰ ਕਿਥੋਂ ਆਇਆ ਕਿ ਉਹ ਮੇਰੇ ’ਤੇ ਕੇਸ ਦਰਜ ਕਰਵਾ ਕੇ ਮੈਨੂੰ ਡਰਾ ਸਕਦੇ ਹਨ। ਤੁਸੀਂ ਮੇਰੇ ਖ਼ਿਲਾਫ਼ ਜਿੰਨੇ ਮਰਜ਼ੀ ਕੇਸ ਦਰਜ ਕਰਵਾ ਸਕਦੇ ਹੋ। ਮੇਰੇ ਖ਼ਿਲਾਫ਼ 25 ਹੋਰ ਕੇਸ ਦਰਜ ਕਰੋ ਪਰ ਮੈਂ ਡਰਨ ਵਾਲਾ ਨਹੀਂ ਹਾਂ। ਭਾਜਪਾ ਅਤੇ ਸੰਘ ਮੈਨੂੰ ਡਰਾ ਨਹੀਂ ਸਕਦੇ ਹਨ।’’ ਰਾਹੁਲ ਨੇ ਕਿਹਾ ਕਿ ਉਨ੍ਹਾਂ ਮੋਦੀ ਦੇ ਖਾਸ ਦੋਸਤ ਅਡਾਨੀ ਖ਼ਿਲਾਫ਼ ਭਾਸ਼ਨ ਦਿੱਤਾ ਸੀ ਤਾਂ ਮੇਰੇ ਖ਼ਿਲਾਫ਼ ਕੇਸ ਦਰਜ ਹੋ ਗਿਆ। ‘ਫੇਰ ਉਨ੍ਹਾਂ ਮੈਨੂੰ ਸੰਸਦ ’ਚੋਂ ਕੱਢ ਦਿੱਤਾ ਅਤੇ ਸਰਕਾਰੀ ਰਿਹਾਇਸ਼ ਵਾਪਸ ਲੈ ਲਈ। ਮੈਂ ਖੁਦ ਘਰ ਦੀਆਂ ਚਾਬੀਆਂ ਸੌਂਪੀਆਂ। ਉਹ ਨਹੀਂ ਜਾਣਦੇ ਕਿ ਮੇਰਾ ਘਰ ਹਰੇਕ ਭਾਰਤੀ ਨਾਗਰਿਕ ਦੇ ਦਿਲ ’ਚ ਹੈ। ਮੇਰੇ ਅਸਾਮ, ਉੜੀਸਾ, ਉੱਤਰ ਪ੍ਰਦੇਸ਼ ਅਤੇ ਹੋਰ ਸਾਰੇ ਸੂਬਿਆਂ ’ਚ ਲੱਖਾਂ ਘਰ ਹਨ।’ ਕਾਂਗਰਸ ਆਗੂ ਨੂੰ ਯਾਤਰਾ ਦੌਰਾਨ ਕਈ ਗਮਛੇ ਅਤੇ ਸਕਾਰਫ਼ ਲੋਕਾਂ ਤੋਂ ਮਿਲੇ। ਉਨ੍ਹਾਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਅਸਾਮ ਦੇ ਮੁੱਖ ਮੰਤਰੀ ਦੀ ਪਤਨੀ ਦੀ ਮਾਲਕੀ ਵਾਲੇ ਮੀਡੀਆ ਘਰਾਣਿਆਂ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਸੂਬੇ ’ਚ ਟੀਵੀ ਮੀਡੀਆ ਉਹੋ ਦਿਖਾਉਂਦਾ ਹੈ ਜੋ ਸਰਮਾ ਚਾਹੁੰਦੇ ਹਨ। ‘ਸਰਮਾ ਦਾ ਕੰਟਰੋਲ ਅਮਿਤ ਸ਼ਾਹ ਕੋਲ ਹੈ। ਜੇਕਰ ਕੋਈ ਵੀ ਸ਼ਾਹ ਖ਼ਿਲਾਫ਼ ਬੋਲਦਾ ਹੈ ਤਾਂ ਉਸ ਨੂੰ ਸਰਮਾ ਦੋ ਮਿੰਟ ’ਚ ਹੀ ਬਾਹਰ ਸੁੱਟ ਦਿੰਦਾ ਹੈ। ਤਰੁਣ ਗੋਗੋਈ ਵੀ ਮੁੱਖ ਮੰਤਰੀ ਰਿਹਾ ਪਰ ਉਸ ਨੇ ਉਹ ਕੁਝ ਕੀਤਾ ਜੋ ਅਸਾਮ ਦੇ ਲੋਕ ਚਾਹੁੰਦੇ ਸਨ। ਤਰੁਣ ਗੋਗੋਈ ਨੂੰ ਮੈਂ ਕਦੇ ਵੀ ਕੁਝ ਨਹੀਂ ਕਿਹਾ।’ ਗਮਛੇ ਨੂੰ ਅਸਾਮ ਦੇ ਸੱਭਿਆਚਾਰ ਅਤੇ ਪਛਾਣ ਦਾ ਪ੍ਰਤੀਕ ਦੱਸਦਿਆਂ ਰਾਹੁਲ ਨੇ ਕਿਹਾ ਕਿ ਹੁਕਮਰਾਨ ਧਿਰ ਸੂਬੇ ਦੇ ਮਾਣ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ-ਆਰਐੱਸਐੱਸ ਅਸਾਮ ਦੀ ਬੋਲੀ, ਸੱਭਿਆਚਾਰ ਅਤੇ ਇਤਿਹਾਸ ਖ਼ਤਮ ਕਰਨਾ ਚਾਹੁੰਦੇ ਹਨ। ਉਹ ਨਾਗਪੁਰ ਤੋਂ ਅਸਾਮ ਨੂੰ ਚਲਾਉਣਾ ਚਾਹੁੰਦੇ ਹਨ ਪਰ ਕਾਂਗਰਸ ਇਸ ਦੀ ਇਜਾਜ਼ਤ ਨਹੀਂ ਦੇਵੇਗੀ। ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਰਮਾ ਦੇ ਦਿਲ ਨਫ਼ਰਤ ਨਾਲ ਭਰੇ ਪਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਫ਼ਰਤ ਖ਼ਤਮ ਕਰਨ ਲਈ ਉਹ ਮੁਹੱਬਤ ਦੀ ਵਰਤੋਂ ਕਰਨ। ਧੁਬਰੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਸਰਮਾ ਨੇ ਜੇਕਰ ਅਸਾਮ ਦੀ ਭਲਾਈ ਲਈ ਕੰਮ ਸ਼ੁਰੂ ਕੀਤੇ ਤਾਂ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ।