ਪੰਜਾਬ ’ਚ ‘ਆਪ’ ਤੇ ਬੰਗਾਲ ’ਚ ਟੀਐੱਮਸੀ ਇਕੱਲਿਆਂ ਲੜਨਗੇ ਚੋਣ

ਪੰਜਾਬ ’ਚ ‘ਆਪ’ ਤੇ ਬੰਗਾਲ ’ਚ ਟੀਐੱਮਸੀ ਇਕੱਲਿਆਂ ਲੜਨਗੇ ਚੋਣ

ਪੰਜਾਬ ’ਚ ‘ਆਪ’ ਤੇ ਬੰਗਾਲ ’ਚ ਟੀਐੱਮਸੀ ਇਕੱਲਿਆਂ ਲੜਨਗੇ ਚੋਣ
ਚੰਡੀਗੜ੍ਹ: ਪੰਜਾਬ ਵਿੱਚ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਇੰਡੀਆ’ ਗੱਠਜੋੜ ਵਿੱਚ ਤਰੇੜਾਂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਸੂਬੇ ਵਿਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦਰਮਿਆਨ ਕੋਈ ਸਿਆਸੀ ਗੱਠਜੋੜ ਨਹੀਂ ਹੋਵੇਗਾ। ਪੰਜਾਬ ਵਿੱਚ ‘ਆਪ’ ਇਕੱਲੇ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜੇਗੀ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੰਜਾਬ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਪੰਜਾਬ ਵਿੱਚ ‘ਆਪ’ ਵੱਲੋਂ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਕੀਤਾ ਜਾਵੇਗਾ। ‘ਆਪ’ ਆਪਣੇ ਦਮ ’ਤੇ ਚੋਣ ਲੜਦੇ ਹੋਏ 13-0 ਨਾਲ ਜਿੱਤ ਹਾਸਲ ਕਰੇਗੀ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਵੱਲੋਂ ਪੰਜਾਬ ਵਿੱਚ ਸਾਰੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਬਾਰੇ ਮੰਥਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਨੂੰ ਛੱਡ ਕੇ ਬਾਕੀ ਬਚਦੇ 12 ਸੰਸਦੀ ਹਲਕਿਆਂ ਲਈ ਕੁੱਲ 40 ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ਬਾਰੇ ਪਾਰਟੀ ਵੱਲੋਂ ਲੋਕਾਂ ’ਚ ਸਰਵੇਖਣ ਵੀ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਪਾਰਟੀ ਕੋਈ ਆਖਰੀ ਫ਼ੈਸਲਾ ਲਏਗੀ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਸੁਸ਼ੀਲ ਕੁਮਾਰ ਰਿੰਕੂ ਦੀ ਟਿਕਟ ਪੱਕੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਚੋਣ ਕਮੇਟੀ ਦਾ ਐਲਾਨ ਕਰਕੇ ਵੱਖਰੇ ਤੌਰ ’ਤੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਤੇ ‘ਆਪ’ ਕੌਮੀ ਪੱਧਰ ’ਤੇ ਇੰਡੀਆ ਗੱਠਜੋੜ ਦਾ ਹਿੱਸਾ ਹੋਣ ਕਰਕੇ ਦੇਸ਼ ਭਰ ਵਿੱਚ ਸਾਂਝੇ ਤੌਰ ’ਤੇ ਚੋਣਾਂ ਲੜਨ ਦਾ ਫੈਸਲਾ ਕਰ ਰਹੀਆਂ ਹਨ, ਪਰ ਦੋਵਾਂ ਪਾਰਟੀਆਂ ਵਿੱਚ ਪੰਜਾਬ ’ਚ ਸਮਝੌਤਾ ਹੋਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ। ਪੰਜਾਬ ਵਿੱਚ ‘ਆਪ’ ਤੇ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਵੱਲੋਂ ਇਕੱਲਿਆ ਚੋਣਾਂ ਲੜਨ ’ਤੇ ਵਾਧੂ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਦੋਵਾਂ ਸਿਆਸੀ ਧਿਰਾਂ ਵੱਲੋਂ ਵੱਖ-ਵੱਖ ਸਿਆਸੀ ਮੰਚਾਂ ’ਤੇ ਇਕ ਦੂਜੇ ਨੂੰ ਘੇਰਿਆ ਵੀ ਜਾ ਰਹੀ ਹੈ ਅਤੇ ਇਕੱਲਿਆਂ ਚੋਣਾਂ ਲੜਨ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਮੱਦੇਨਜ਼ਰ ਸੂਬੇ ਵਿੱਚ ਛੁੱਟੀ ਨਾ ਕਰਨ ਬਾਰੇ ਕਿਹਾ ਕਿ ‘ਆਪ’ ਜਾਤੀਵਾਦ ਤੇ ਧਰਮ ਦੀ ਰਾਜਨੀਤੀ ਨਹੀਂ ਕਰਦੀ ਹੈ। ‘ਆਪ’ ਵੱਲੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਬਰਾਬਰ ਰੱਖਿਆ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ’ਤੇ ਹਮਲਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ’ਚੋਂ ਬਾਹਰ ਹੋਣ ਮਗਰੋਂ ਪੰਥ ਦੀ ਯਾਦ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਤੱਕੜੀ ਵਿੱਚ ਵੱਟੇ ਸਮਗਲਰਾਂ ਨੇ ਪਾਏ ਹੋਏ, ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਧਰਮ ਨਾਲ ਰਾਜਨੀਤਕ ਚੋਣ ਨਿਸ਼ਾਨ ਨੂੰ ਜੋੜਨਾ ਗਲਤ ਹੈ।

Radio Mirchi