ਮਾਲਦੀਵ: ਰਾਸ਼ਟਰਪਤੀ ’ਤੇ ਲੱਗੇ ਅਪਰਾਧੀਆਂ ਨੂੰ ਬਚਾਉਣ ਦੇ ਦੋਸ਼

ਮਾਲਦੀਵ: ਰਾਸ਼ਟਰਪਤੀ ’ਤੇ ਲੱਗੇ ਅਪਰਾਧੀਆਂ ਨੂੰ ਬਚਾਉਣ ਦੇ ਦੋਸ਼
ਮਾਲੇ-ਮਾਲਦੀਵ ਦੀ ਮੁੱਖ ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਅਪਰਾਧੀਆਂ ਨੂੰ ਬਚਾਅ ਰਹੇ ਹਨ। ਉਨ੍ਹਾਂ ਇਹ ਦੋਸ਼ ਪ੍ਰੌਸੀਕਿਊਟਰ ਜਨਰਲ ਉਤੇ ਹੋਏ ਹਮਲੇ ਮਗਰੋਂ ਲਾਇਆ ਹੈ। ਮਾਲੇ ਸ਼ਹਿਰ ਵਿਚ ਹੁਸੈਨ ਸ਼ਮੀਮ ਉਤੇ ਹਮਲਾ ਕੀਤਾ ਗਿਆ ਹੈ ਤੇ ਉਹ ਫਿਲਹਾਲ ਹਸਪਤਾਲ ਵਿਚ ਹਨ। ਮਾਲਦੀਵੀਅਨ ਡੈਮੋਕਰੈਟਿਕ ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਦੇ ਸਿਖਰਲੇ ਆਗੂਆਂ ਤੇ ਅਪਰਾਧਕ ਗੈਂਗਾਂ ਵਿਚਾਲੇ ਕਥਿਤ ਸਾਂਝ ਕਾਰਨ ਸ਼ਰੇਆਮ ਹਿੰਸਾ ਹੋ ਰਹੀ ਹੈ। ਦੇਸ਼ ਦੇ ਚੋਟੀ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਦਾ ਪ੍ਰਸ਼ਾਸਨ ਉਨ੍ਹਾਂ ਅਧਿਕਾਰੀਆਂ ਨੂੰ ਢੁੱਕਵੀਂ ਸੁਰੱਖਿਆ ਦੇਣ ਵਿਚ ਨਾਕਾਮ ਰਿਹਾ ਹੈ ਜੋ ਸੰਵਿਧਾਨਕ ਫਰਜ਼ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਮੁਇਜ਼ੂ ਵੱਲੋਂ ਅਹੁਦਾ ਸੰਭਾਲਣ ਮਗਰੋਂ ਅਜਿਹੇ ਅਪਰਾਧ ਵੱਧ ਗਏ ਹਨ। ਗੌਰਤਲਬ ਹੈ ਕਿ ਮੁਇਜ਼ੂ ਜੋ ਕਿ ਚੀਨ ਦੇ ਕਰੀਬੀ ਮੰਨੇ ਜਾਂਦੇ ਹਨ, ਨੇ ਪਿਛਲੇ ਸਾਲ ਸਤੰਬਰ ਵਿਚ ਭਾਰਤ ਪੱਖੀ ਤਤਕਾਲੀ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੂੰ ਰਾਸ਼ਟਰਪਤੀ ਚੋਣਾਂ ਵਿਚ ਹਰਾਇਆ ਸੀ।
ਮਾਲਦੀਵ ਦੀ ਸੰਸਦ ’ਚ ਮੁਇਜ਼ੂ ਸਮਰਥਕਾਂ ਅਤੇ ਵਿਰੋਧੀ ਧਿਰ ਵਿਚਕਾਰ ਝੜਪ ਹੋਈ ਸੀ। ਮੁਇਜ਼ੂ ਚਾਹੁੰਦੇ ਸਨ ਕਿ ਚੀਨ ਪੱਖੀ ਚਾਰ ਆਗੂਆਂ ਨੂੰ ਉਨ੍ਹਾਂ ਦੀ ਕੈਬਨਿਟ ’ਚ ਸ਼ਾਮਲ ਕੀਤਾ ਜਾਵੇ, ਜਿਸ ਦਾ ਵਿਰੋਧੀ ਧਿਰ ਨੇ ਤਿੱਖਾ ਵਿਰੋਧ ਕੀਤਾ ਸੀ। ਇਸ ਮਗਰੋਂ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਮੁਇਜ਼ੂ ਖਿ਼ਲਾਫ਼ ਮਹਾਦੋਸ਼ ਲਿਆਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।