ਈਡੀ ਵੱਲੋਂ ਹੇਮੰਤ ਸੋਰੇਨ ਗ੍ਰਿਫ਼ਤਾਰ

ਈਡੀ ਵੱਲੋਂ ਹੇਮੰਤ ਸੋਰੇਨ ਗ੍ਰਿਫ਼ਤਾਰ
ਰਾਂਚੀ (ਝਾਰਖੰਡ)-ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ ਸੱਤ ਘੰਟੇ ਦੀ ਪੁੱਛ-ਪੜਤਾਲ ਮਗਰੋਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਆਗੂ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕਰ ਲਿਆ। ਉਂਜ ਗ੍ਰਿਫ਼ਤਾਰੀ ਤੋਂ ਪਹਿਲਾਂ ਸੋਰੇਨ ਨੇ ਰਾਜ ਭਵਨ ਜਾ ਕੇ ਰਾਜਪਾਲ ਸੀ.ਪੀ.ਰਾਧਾਕ੍ਰਿਸ਼ਨਨ ਨੂੰ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਸੌਂਪਿਆ। ਈਡੀ ਦੀ ਟੀਮ ਮਗਰੋਂ ਉਨ੍ਹਾਂ ਨੂੰ ਆਪਣੇ ਦਫ਼ਤਰ ਲੈ ਗਈ। ਉਧਰ ਬਦਲਦੇ ਸਿਆਸੀ ਘਟਨਾਕ੍ਰਮ ਦਰਮਿਆਨ ਜੇਐੱਮਐੱਮ ਵਿਧਾਇਕਾਂ ਨੇ ਬੈਠਕ ਕਰਕੇ ਚੰਪਈ ਸੋਰੇਨ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਚੁਣ ਲਿਆ। ਉਪਰੰਤ ਚੰਪਈ ਸੋਰੇਨ ਪਾਰਟੀ ਵਿਧਾਇਕਾਂ ਨੂੰ ਨਾਲ ਲੈ ਕੇ ਰਾਜ ਭਵਨ ਪੁੱਜ ਗਏ ਤੇ ਉਨ੍ਹਾਂ 47 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਰਾਜਪਾਲ ਨੂੰ ਸੌਂਪਦਿਆਂ ਝਾਰਖੰਡ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ। ਝਾਰਖੰਡ ਅਸੈਂਬਲੀ ’ਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਆਲਮਗੀਰ ਆਲਮ ਨੇ ਕਿਹਾ, ‘‘ਅਸੀਂ ਰਾਜਪਾਲ ਨੂੰ 43 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਸੌਂਪਿਆ ਹੈ। ਰਾਜਪਾਲ ਨੇ ਸਾਨੂੰ ਸੱਦਾ ਦੇਣ ਦਾ ਭਰੋੋਸਾ ਦਿੱਤਾ ਹੈ।’’
ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਮਗਰ ਈਡੀ ਨੂੰ ਲਾ ਕੇ ਉਨ੍ਹਾਂ ਨੂੰ ਅਸਤੀਫੇ ਲਈ ਮਜਬੂਰ ਕਰਨਾ ‘ਸੰਘਵਾਦ ਲਈ ਝਟਕਾ ਹੈ।’ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਈਡੀ, ਸੀਬੀਆਈ ਵਰਗੀਆਂ ਏਜੰਸੀਆਂ ਹੁਣ ਸਰਕਾਰ ਦੀਆਂ ਏਜੰਸੀਆਂ ਨਹੀਂ ਰਹੀਆਂ ਬਲਕਿ ‘ਵਿਰੋਧੀ ਧਿਰ ਨੂੰ ਮਿਟਾਉਣ ਲਈ ਭਾਜਪਾ ਦਾ ਸੈੱਲ ਬਣ ਚੁੱਕੀਆਂ ਹਨ।’ ਖੜਗੇ ਨੇ ਕਿਹਾ, ‘ਜੋ ਮੋਦੀ ਜੀ ਨਾਲ ਨਹੀਂ ਜਾਵੇਗਾ, ਉਹ ਜੇਲ੍ਹ ਜਾਵੇਗਾ।’ ਜਦਕਿ ਭਾਜਪਾ ਨੇ ਇਸ ਨੂੰ ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਦੀ ਟੋਪੀ ’ਚ ‘ਭ੍ਰਿਸ਼ਟਾਚਾਰ ਦਾ ਇਕ ਹੋਰ ਖੰਭ ਕਰਾਰ ਦਿੱਤਾ।’