ਪਾਕਿਸਤਾਨ: ਸ਼ਾਹਬਾਜ਼ ਬਣ ਸਕਦੇ ਨੇ ਪ੍ਰਧਾਨ ਮੰਤਰੀ

ਪਾਕਿਸਤਾਨ: ਸ਼ਾਹਬਾਜ਼ ਬਣ ਸਕਦੇ ਨੇ ਪ੍ਰਧਾਨ ਮੰਤਰੀ

ਪਾਕਿਸਤਾਨ: ਸ਼ਾਹਬਾਜ਼ ਬਣ ਸਕਦੇ ਨੇ ਪ੍ਰਧਾਨ ਮੰਤਰੀ
ਇਸਲਾਮਾਬਾਦ-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਸੁਪਰੀਮੋ ਨਵਾਜ਼ ਸ਼ਰੀਫ਼ ਦਾ ਛੋਟਾ ਭਰਾ ਸ਼ਾਹਬਾਜ਼ ਸ਼ਰੀਫ਼ ਮੁਲਕ ਦਾ ਨਵਾਂ ਪ੍ਰਧਾਨ ਮੰਤਰੀ ਬਣ ਸਕਦਾ ਹੈ। ਪਾਰਟੀ ਦੀ ਸੀਨੀਅਰ ਮੀਤ ਪ੍ਰਧਾਨ ਮਰੀਅਮ ਨਵਾਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਸ਼ਾਹਬਾਜ਼ (72) ਅਪਰੈਲ 2022 ’ਚ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਬਣੇ ਸਨ। ਮੰਨਿਆ ਜਾ ਰਿਹਾ ਹੈ ਕਿ ਪੀਐੱਮਐੱਲ-ਐੱਨ ਨੂੰ ਪਾਕਿਸਤਾਨੀ ਫ਼ੌਜ ਦੀ ਹਮਾਇਤ ਪ੍ਰਾਪਤ ਹੈ। ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਮਗਰੋਂ ਪੀਐੱਮਐੱਲ-ਐੱਨ ਦੀ ਅਗਵਾਈ ਹੇਠ ਹੋਰ ਪਾਰਟੀਆਂ ਗੱਠਜੋੜ ਸਰਕਾਰ ਬਣਾ ਸਕਦੀਆਂ ਹਨ। ਪੀਐੱਮਐੱਲ-ਐੱਨ ਨੇ ਮੰਗਲਵਾਰ ਰਾਤ ਨਵਾਜ਼ ਦੀ ਥਾਂ ’ਤੇ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਪਹਿਲਾਂ ਸ਼ਾਹਬਾਜ਼ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਸਿਫ਼ ਅਲੀ ਜ਼ਰਦਾਰੀ, ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਦੇ ਖਾਲਿਦ ਮਕਬੂਲ ਸਿੱਦੀਕੀ ਨਾਲ ਪਾਕਿਸਤਾਨ ਮੁਸਲਿਮ ਲੀਗ-ਕਿਊ ਦੇ ਸ਼ੁਜਾਤ ਹੁਸੈਨ ਦੀ ਰਿਹਾਇਸ਼ ’ਤੇ ਮਿਲੇ ਅਤੇ ਸਰਕਾਰ ਬਣਾਉਣ ’ਤੇ ਸਹਿਮਤੀ ਪ੍ਰਗਟਾਈ। ਸ਼ਾਹਬਾਜ਼ ਨੇ ਕਿਹਾ ਕਿ ਨਵੀਂ ਸਰਕਾਰ ਦੇਸ਼ ਨੂੰ ਮੁਸ਼ਕਲ ’ਚੋਂ ਬਾਹਰ ਕੱਢੇਗੀ। ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ ਛੇ ਪਾਰਟੀਆਂ ਪੀਐੱਮਐੱਲ-ਐੱਨ, ਪੀਪੀਪੀ, ਐੱਮਕਿਊਐੱਮ-ਪੀ, ਪੀਐੱਮਐੱਲ-ਕਿਊ, ਆਈਪੀਪੀ ਅਤੇ ਬਲੋਚਿਸਤਾਨ ਅਵਾਮੀ ਪਾਰਟੀ ਵੱਲੋਂ ਜਿੱਤੀਆਂ ਗਈਆਂ ਸੀਟਾਂ ਦੀ ਕੁੱਲ ਗਿਣਤੀ 152 ਬਣਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਕੇਂਦਰ ’ਚ ਸਰਕਾਰ ਬਣਾਉਣ ਲਈ ਲੋੜੀਂਦੇ 169 ਮੈਂਬਰਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਜਾਵੇਗਾ। 

Radio Mirchi