ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਤੀਜੇ ਗੇੜ ਦੀ ਮੀਟਿੰਗ ਅੱਜ

ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਤੀਜੇ ਗੇੜ ਦੀ ਮੀਟਿੰਗ ਅੱਜ

ਕੇਂਦਰ ਤੇ ਕਿਸਾਨ ਆਗੂਆਂ ਵਿਚਾਲੇ ਤੀਜੇ ਗੇੜ ਦੀ ਮੀਟਿੰਗ ਅੱਜ
ਚੰਡੀਗੜ੍ਹ-ਪੰਜਾਬ ਤੇ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰੱਹਦਾਂ ’ਤੇ ਕਿਸਾਨਾਂ ਦੇ ਵਧ ਰਹੇ ਰੋਹ ਦਰਮਿਆਨ ਤਿੰਨ ਕੇਂਦਰੀ ਵਜ਼ੀਰ ਵੀਰਵਾਰ ਨੂੰ ਸ਼ਾਮੀਂ ਪੰਜ ਵਜੇ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਕੇਂਦਰ ਸਰਕਾਰ ਸੰਯੁਕਤ ਕਿਸਾਨ ਮੋਰਚਾ ਵੱਲੋਂ 16 ਫਰਵਰੀ ਲਈ ਦਿੱਤੇ ‘ਭਾਰਤ ਬੰਦ’ ਦੇ ਸੱਦੇ ਤੋਂ ਪਹਿਲਾਂ ਮੌਜੂਦਾ ਕਿਸਾਨ ਸੰਘਰਸ਼ ਨੂੰ ਨਿਬੇੜਨ ਦੇ ਰੌਂਅ ਵਿਚ ਜਾਪਦੀ ਹੈ। ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨੂੰ ਰਸਮੀ ਗੱਲਬਾਤ ਲਈ ਸੱਦਾ ਭੇਜ ਦਿੱਤਾ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਸਵੀਕਾਰ ਕਰ ਲਿਆ ਹੈ। ਬੈਠਕ ਵਿਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿੱਤਿਆ ਨੰਦ ਸ਼ਾਮਲ ਹੋਣਗੇ। ਵੇਰਵਿਆਂ ਅਨੁਸਾਰ ਨੀਮ ਫੌਜੀ ਬਲਾਂ ਅਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅਪਣਾਏ ਹੱਥਕੰਡਿਆਂ ਨੇ ਪੰਜਾਬ ਦੀ ਕਿਸਾਨੀ ’ਚ ਰੋਸ ਭਰ ਦਿੱਤਾ ਹੈ। ਸਮੁੱਚੇ ਸੂਬੇ ’ਚੋਂ ਪੰਜਾਬ-ਹਰਿਆਣਾ ਸਰਹੱਦ ’ਤੇ ਚੱਲ ਰਹੇ ਸੰਘਰਸ਼ ਨੂੰ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ। ਬੀਕੇਯੂ (ਉਗਰਾਹਾਂ) ਨੇ ਵੀ ਭਲਕੇ ਚਾਰ ਘੰਟਿਆਂ ਲਈ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਖੁਫੀਆ ਰਿਪੋਰਟਾਂ ਮਿਲਣ ਮਗਰੋਂ ਕੇਂਦਰ ਸਰਕਾਰ ਹੁਣ ਇਸ ਸੰਘਰਸ਼ ਨੂੰ ਲਮਕਾਉਣਾ ਨਹੀਂ ਚਾਹੁੰਦੀ ਹੈ। ਸੂਤਰਾਂ ਅਨੁਸਾਰ ਵੀਰਵਾਰ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਵਜ਼ੀਰਾਂ ਨੇ ਅੱਜ ਦਿੱਲੀ ’ਚ ਵਿਚਾਰ ਚਰਚਾ ਵੀ ਕੀਤੀ। ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਅੱਜ ਇਸ ਮੁੱਦੇ ’ਤੇ ਮੀਟਿੰਗ ਕੀਤੇ ਜਾਣ ਦੀ ਚਰਚਾ ਹੈ। ਉਧਰ ਅੱਜ ਸ਼ਾਮੀਂ ਕਿਸਾਨ ਆਗੂਆਂ ਨਾਲ ਪੰਜਾਬ ਸਰਕਾਰ ਦੇ ਸੀਨੀਅਰ ਪੁਲੀਸ ਅਫਸਰਾਂ ਵੱਲੋਂ ਰਾਜਪੁਰਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿਚ ਭਲਕੇ ਦੀ ਮੀਟਿੰਗ ਦੀ ਰੂਪਰੇਖਾ ਤੋਂ ਜਾਣੂ ਕਰਵਾਇਆ ਗਿਆ। ਸੂਤਰ ਦੱਸਦੇ ਹਨ ਕਿ ਕਿਸਾਨ ਆਗੂਆਂ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਤੀਜੇ ਗੇੜ ਦੀ ਮੀਟਿੰਗ ਵਿਚ ਲਿਖਤੀ ਭਰੋਸੇ ਤੋਂ ਹੇਠਾਂ ਕੋਈ ਗੱਲ ਨਹੀਂ ਕਰਨਗੇ।
ਕੇਂਦਰੀ ਵਜ਼ੀਰ ਅਰਜੁਨ ਮੁੰਡਾ ਅਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸਾਨ ਆਗੂ ਗੱਲਬਾਤ ਲਈ ਵਾਪਸ ਆਉਣ ਕਿਉਂਕਿ ਭਾਰਤ ਸਰਕਾਰ ਹਮੇਸ਼ਾ ਗੱਲਬਾਤ ਲਈ ਤਿਆਰ ਹੈ। ਗੱਲਬਾਤ ਦਾ ਸੱਦਾ ਮਿਲਣ ਮਗਰੋਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਇਕੱਠ ਤੋਂ ਗੱਲਬਾਤ ਵਾਸਤੇ ਹੱਥ ਖੜ੍ਹੇ ਕਰਾ ਕੇ ਪ੍ਰਵਾਨਗੀ ਲਈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ ਅਤੇ ਮੁੜ ਗੱਲਬਾਤ ਲਈ ਸੱਦਿਆ ਹੈ। ਕਿਸਾਨ ਆਗੂਆਂ ਨੇ ਸ਼ਰਤ ਰੱਖੀ ਹੈ ਕਿ ਭਾਰਤ ਸਰਕਾਰ ਪਹਿਲਾਂ ਗੱਲਬਾਤ ਦਾ ਮਾਹੌਲ ਤਿਆਰ ਕਰੇ ਅਤੇ ਅੰਤਰਰਾਜੀ ਸਰਹੱਦ ’ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਬੰਦ ਕੀਤੇ ਜਾਣ ਤਾਂ ਜੋ ਗੱਲਬਾਤ ਲਈ ਸੁਖਾਵਾਂ ਮਾਹੌਲ ਬਣ ਸਕੇ।
ਇਸ ਤੋਂ ਪਹਿਲਾਂ ਕੇਂਦਰੀ ਵਜ਼ੀਰਾਂ ਨੇ ਕਿਸਾਨ ਆਗੂਆਂ ਨਾਲ 8 ਤੇ 12 ਫਰਵਰੀ ਨੂੰ ਕ੍ਰਮਵਾਰ ਪਹਿਲੇ ਤੇ ਦੂਜੇ ਗੇੜ ਦੀ ਮੀਟਿੰਗ ਕੀਤੀ ਸੀ। ‘ਦਿੱਲੀ ਕੂਚ’ ਤੋਂ ਪਹਿਲਾਂ ਹੋਈਆਂ ਇਨ੍ਹਾਂ ਦੋਵਾਂ ਮੀਟਿੰਗਾਂ ਵਿਚ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗ ਸਕੀ ਸੀ। ਮੌਜੂਦਾ ਹਾਲਾਤ ਤੋਂ ਜਾਪਦਾ ਹੈ ਕਿ ਜੇਕਰ ਭਲਕੇ ਦੀ ਮੀਟਿੰਗ ਵਿਚ ਕੇਂਦਰੀ ਵਜ਼ੀਰ ਪਹਿਲੀਆਂ ਦੋ ਮੀਟਿੰਗਾਂ ’ਚ ਕੀਤੀ ਪੇਸ਼ਕਸ਼ ਤੋਂ ਅਗਾਂਹ ਨਾ ਵਧੇ ਤਾਂ ਫਿਰ ਕੋਈ ਠੋਸ ਨਤੀਜੇ ਆਉਣ ਦੀ ਸੰਭਾਵਨਾ ਘੱਟ ਜਾਪਦੀ ਹੈ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਅੱਜ ਅਨੁਸ਼ਾਸਨ ਤੇ ਜ਼ਾਬਤਾ ਦੇਖਣ ਨੂੰ ਮਿਲਿਆ, ਪਰ ਹਰਿਆਣਾ ਤਰਫੋਂ ਨੀਮ ਸੈਨਿਕ ਬਲਾਂ ਅਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗਣੇ ਜਾਰੀ ਰੱਖੇ। ਸਿੱਟੇ ਵਜੋਂ ਅੱਜ ਦੋ ਦਰਜਨ ਕਿਸਾਨ ਜ਼ਖਮੀ ਹੋ ਗਏ। ‘ਦਿੱਲੀ ਕੂਚ’ ਦੇ ਦੂਜੇ ਦਿਨ ਪੰਜਾਬ ਭਰ ’ਚੋਂ ਕਿਸਾਨ ਖਨੌਰੀ ਤੇ ਸ਼ੰਭੂ ਸਰਹੱਦ ’ਤੇ ਪਹੁੰਚਣੇ ਜਾਰੀ ਰਹੇ। ਹਰਿਆਣਾ ’ਚੋਂ ਔਰਤਾਂ ਦੇ ਕੁਝ ਜਥੇ ਖਨੌਰੀ ਸਰਹੱਦ ’ਤੇ ਵੀ ਪੁੱਜੇ ਹਨ। ਹਰਿਆਣਾ ਪੁਲੀਸ ਨੇ ਅੱਜ ਖਨੌਰੀ ਸਰਹੱਦ ਲਾਗੇ ਜਿੱਥੇ ਹਰਿਆਣਾ ਦੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ, ਉਥੇ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਜਾਰੀ ਰੱਖੇ। ਖਨੌਰੀ ਸਰਹੱਦ ’ਤੇ ਮਾਹੌਲ ਵਧੇਰੇ ਤਣਾਅਪੂਰਨ ਰਿਹਾ। ਖਨੌਰੀ ਸਰਹੱਦ ’ਤੇ ਦਰਜਨਾਂ ਕਿਸਾਨ ਅਤੇ ਨੌਜਵਾਨ ਜ਼ਖ਼ਮੀ ਹੋਏ ਹਨ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅੱਜ ਹਰਿਆਣਾ ਦਾ ਮੁੜ ਜ਼ਾਲਮ ਰਵੱਈਆ ਸਾਹਮਣੇ ਆਇਆ ਹੈ ਅਤੇ ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਨੇ ਦਰਜਨਾਂ ਕਿਸਾਨ ਜ਼ਖ਼ਮੀ ਕਰ ਦਿੱਤੇ ਹਨ। ਸ਼ੰਭੂ ਬਾਰਡਰ ’ਤੇ ਨੌਜਵਾਨਾਂ ਨੇ ਅੱਥਰੂ ਗੈਸ ਦੇ ਗੋਲਿਆਂ ਨੂੰ ਠੁੱਸ ਕਰਨ ਦਾ ਤਰੀਕਾ ਲੱਭਿਆ, ਜਿਸ ਨਾਲ ਇਹ ਗੋਲੇ ਅਸਰਹੀਣ ਹੋ ਰਹੇ ਹਨ। ਹਵਾਈ ਪੱਖਿਆਂ ਨਾਲ ਧੂੰਏਂ ਦਾ ਨਿਕਾਸ ਕੀਤਾ ਜਾ ਰਿਹਾ ਹੈ।

Radio Mirchi