ਕਿਸਾਨਾਂ ਦੇ ਮਸਲੇ ਹੱਲ ਹੁੰਦੇ ਤਾਂ ਅਕਾਲੀ-ਭਾਜਪਾ ਗੱਠਜੋੜ ਵੀ ਹੋ ਜਾਂਦਾ: ਮਜੀਠੀਆ

ਕਿਸਾਨਾਂ ਦੇ ਮਸਲੇ ਹੱਲ ਹੁੰਦੇ ਤਾਂ ਅਕਾਲੀ-ਭਾਜਪਾ ਗੱਠਜੋੜ ਵੀ ਹੋ ਜਾਂਦਾ: ਮਜੀਠੀਆ

ਕਿਸਾਨਾਂ ਦੇ ਮਸਲੇ ਹੱਲ ਹੁੰਦੇ ਤਾਂ ਅਕਾਲੀ-ਭਾਜਪਾ ਗੱਠਜੋੜ ਵੀ ਹੋ ਜਾਂਦਾ: ਮਜੀਠੀਆ
ਮੁਕੇਰੀਆਂ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸੂਬੇ ਦੇ ਕਿਸਾਨਾਂ, ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਅਰਥਚਾਰੇ ਬਾਰੇ ਮਸਲਿਆਂ ਦੇ ਠੋਸ ਹੱਲ ਨਾ ਹੋਣ ਕਾਰਨ ਅਕਾਲੀ-ਭਾਜਪਾ ਗੱਠਜੋੜ ਨੇਪਰੇ ਨਹੀਂ ਚੜ੍ਹਿਆ। ਮੋਦੀ ਸਰਕਾਰ ਦੀਆਂ ਖੇਤੀ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਕਾਰਨ ਹੀ ਵਾਹਗਾ ਬਾਰਡਰ ਰਾਹੀਂ ਵਪਾਰ ਨਹੀਂ ਖੋਲ੍ਹਿਆ ਜਾ ਰਿਹਾ। ਉਹ ਅੱਜ ਇੱਥੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਦੀ ਅਗਵਾਈ ’ਚ ਵਰਕਰ ਸੰਮੇਲਨ ਨੂੰ ਸੰਬੋਧਨ ਕਰਨ ਪੁੱਜੇ ਸਨ।
ਮਜੀਠੀਆ ਨੇ ਕਿਹਾ ਕਿ ਰਾਮ ਰਹੀਮ ਨੂੰ ਬਿਨਾਂ ਕਿਸੇ ਰੋਕ ਦੇ ਪੈਰੋਲਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੇਂਦਰ ਵਲੋਂ ਨੋਟੀਫਿਕੇਸ਼ਨ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ, ‘‘ਭਗਵੰਤ ਮਾਨ ਦਾ ਦਿਨੇ ਸਮਝੌਤਾ ਕਾਂਗਰਸ ਅਤੇ ਰਾਤ ਦਾ ਸਮਝੌਤਾ ਭਾਜਪਾ ਨਾਲ ਹੈ। ਕੇਂਦਰ ਦੀ ਮੋਦੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਆਪਸੀ ਗੰਢਤੁੱਪ ਕਰਕੇ ਹੀ ਪੰਜਾਬ ਦੇ ਸਿੱਖ ਨੌਜਵਾਨਾਂ ’ਤੇ ਐਨਐਸਏ ਲਗਾਇਆ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਵਿਜੀਲੈਂਸ ਵਲੋਂ ਕੇਸ ਦਰਜ ਹੋਣ ਦੇ ਡਰੋਂ ਡਾ. ਰਾਜ ਕੁਮਾਰ ਨੇ ‘ਆਪ’ ’ਚ ਸ਼ਮੂਲੀਅਤ ਕੀਤੀ ਹੈ। ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਲੋਕਾਂ ਨੇ ਹਲਕੇ ਦੀ ਹਾਲਤ ਸੁਧਾਰਨ ਲਈ ਲੰਬੇ ਸਮੇਂ ਤੋਂ ਕਾਂਗਰਸ, ਭਾਜਪਾ ਤੇ ‘ਆਪ’ ਨੂੰ ਵੋਟ ਦਿੱਤੀ, ਪਰ ਇਨ੍ਹਾਂ ਪਾਰਟੀਆਂ ਨੇ ਹਲਕੇ ਲਈ ਕੁਝ ਨਹੀਂ ਕੀਤਾ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ, ਸ਼੍ਰੋਮਣੀ ਕਮੇਟੀ ਦੇ ਅਗਜ਼ੈਕਟਿਵ ਮੈਂਬਰ ਰਵਿੰਦਰ ਸਿੰਘ ਚੱਕ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਲੱਖੀ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਜਤਿੰਦਰ ਸਿੰਘ ਲਾਲੀ ਬਾਜਵਾ, ਈਸ਼ਰ ਸਿੰਘ ਮੰਝਪੁਰ ਆਦਿ ਵੀ ਹਾਜ਼ਰ ਸਨ।

Radio Mirchi