ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਪ੍ਰਧਾਨ ਨੱਢਾ ਖ਼ਿਲਾਫ਼ ਪ੍ਰਦਰਸ਼ਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਪ੍ਰਧਾਨ ਨੱਢਾ ਖ਼ਿਲਾਫ਼ ਪ੍ਰਦਰਸ਼ਨ
ਅੰਮ੍ਰਿਤਸਰ-ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਅੰਮ੍ਰਿਤਸਰ ਫੇਰੀ ਦਾ ਅੱਜ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਰੈਲੀ ਵਾਲੇ ਸਥਾਨ ਦੇ ਨੇੜੇ ਵਿਰੋਧ ਕੀਤਾ ਗਿਆ।
ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ ਤੇ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰਾਂ ਨੇ ਰੈਲੀ ਸਥਾਨ ਦੇ ਨਜ਼ਦੀਕ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਪੁਲੀਸ ਪ੍ਰਸ਼ਾਸਨ ਨੇ ਕਿਸਾਨ ਦੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਪਰ ਪ੍ਰਦਰਸ਼ਨਕਾਰੀ ਰੈਲੀ ਸਥਾਨ ਦੇ ਬਿਲਕੁੱਲ ਨਜ਼ਦੀਕ ਪਹੁੰਚਣ ਵਿਚ ਕਾਮਯਾਬ ਹੋ ਗਏ। ਕਿਸਾਨ ਆਗੂਆਂ ਨੇ ਲੋਕਾਂ ਨੂੰ ਇਸ ਵਾਰ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਾਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਆਪਣੇ ਦਸ ਸਾਲ ਦੇ ਸ਼ਾਸਨ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਆਦਿ ਦਾ ਮਾੜਾ ਹਾਲ ਕੀਤਾ ਹੈ, ਸੰਵਿਧਾਨ ਨੂੰ ਤੋੜਨ, ਦੇਸ਼ ਦੀ ਫ਼ਿਰਕੂ ਇਕਸੁਰਤਾ ਵਿਰੁੱਧ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਸੰਵਿਧਾਨ ਨੂੰ ਰੱਦ ਕਰਨਾ ਤੇ ਜਮੂਹਰੀਅਤ ਨੂੰ ਖ਼ਤਮ ਕਰ ਕੇ ਦੇਸ਼ ਅੰਦਰ ਫ਼ਿਰਕੂ ਤੇ ਤਾਨਾਸ਼ਾਹੀ ਸਥਾਪਤ ਕਰਨ ਭਾਜਪਾ ਦਾ ਭਵਿੱਖ ਦਾ ਏਜੰਡਾ ਹੈ। ਇਸ ਲਈ ਭਾਜਪਾ ਨੂੰ ਇਸ ਵਾਰ ਸੱਤਾ ਤੋਂ ਦੂਰ ਕਰ ਦੇਣਾ ਚਾਹੀਦਾ ਹੈ।
ਇਸ ਸਮੇਂ ਕਿਸਾਨ ਆਗੂ ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਸੁਖਦੇਵ ਸਿੰਘ ਸਹਿੰਸਰਾ, ਮਾਸਟਰ ਹਰਭਜਨ ਸਿੰਘ ਟਰਪਈ, ਟਹਿਲ ਸਿੰਘ ਚੇਤਨਪੁਰਾ, ਹਰਪਾਲ ਗੁਰਨਾਮ ਸਿੰਘ ਦਾਉਕੇ, ਬਲਦੇਵ ਸਿੰਘ ਧਾਲੀਵਾਲ, ਗੁਰਸ਼ਰਨ ਸਿੰਘ ਰਾਣੇਵਾਲੀ, ਦਲਜੀਤ ਸਿੰਘ ਬੱਲ, ਜ਼ੋਰਾਵਰ ਸਿੰਘ, ਬਲਜਿੰਦਰ ਸਿੰਘ ਝੰਡੇਰ, ਮੇਜਰ ਸਿੰਘ ਜੌਹਲ ਆਦਿ ਹਾਜ਼ਰ ਸਨ।