ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ

ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ

ਭਗਵੰਤ ਮਾਨ ਵੱਲੋਂ ਜੇਲ੍ਹ ’ਚ ਕੇਜਰੀਵਾਲ ਨਾਲ ਮੁਲਾਕਾਤ
ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਅੱਜ ਪਹਿਲੀ ਦਫ਼ਾ ਤਿਹਾੜ ਜੇਲ੍ਹ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ 15 ਅਪਰੈਲ ਨੂੰ ਤਿਹਾੜ ਜੇਲ੍ਹ ਵਿਚ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਭਗਵੰਤ ਮਾਨ ਅਤੇ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਦੇ ਵੱਖ ਵੱਖ ਪਹਿਲੂਆਂ ’ਤੇ ਚਰਚਾ ਕੀਤੀ।
ਇਸ ਮੌਕੇ ਹਲਕਿਆਂ ਦੇ ਵੋਟ ਪੈਟਰਨ ਦਾ ਮੁਲਾਂਕਣ ਵੀ ਹੋਇਆ। ਚੋਣਾਂ ਦੌਰਾਨ ਜਿਨ੍ਹਾਂ ਵਿਧਾਇਕਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ, ਉਨ੍ਹਾਂ ਦੀ ਸ਼ਲਾਘਾ ਵੀ ਹੋਈ ਹੈ। ਚੇਤੇ ਰਹੇ ਕਿ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਮੌਕੇ ਪੰਜਾਬ ਵਿਚ ਵੀ ਰੋਡ ਸ਼ੋਅ ਕੀਤੇ ਸਨ। ਤਿਹਾੜ ਜੇਲ੍ਹ ਵਿਚ ਦੋਵਾਂ ਆਗੂਆਂ ਨੇ ਅੱਧੇ ਘੰਟੇ ਦੇ ਕਰੀਬ ਬੈਠਕ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿਚ ਹਾਰ ਦੇ ਕਾਰਨਾਂ ਨੂੰ ਜਾਣਨ ਵਾਸਤੇ ਪਿਛਲੇ ਕਈ ਦਿਨਾਂ ਤੋਂ ਲੋਕ ਸਭਾ ਹਲਕਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਇਨ੍ਹਾਂ ਮੀਟਿੰਗਾਂ ਵਿਚ ਮਿਲੀ ਫੀਡਬੈਕ ਵੀ ਮੁੱਖ ਮੰਤਰੀ ਨੇ ਕੇਜਰੀਵਾਲ ਨਾਲ ਸਾਂਝੀ ਕੀਤੀ। ਅਹਿਮ ਸੂਤਰਾਂ ਅਨੁਸਾਰ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮਸ਼ਵਰਾ ਦਿੱਤਾ ਹੈ ਕਿ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਮਾਪਣ ਲਈ ਬੂਥ ਪੱਧਰ ’ਤੇ ਰਹੀਆਂ ਕਮੀਆਂ ’ਤੇ ਝਾਤੀ ਮਾਰੀ ਜਾਵੇ।
ਅਰਵਿੰਦ ਕੇਜਰੀਵਾਲ ਨੇ ਮੁਲਾਕਾਤ ਦੌਰਾਨ ਇਹ ਸਲਾਹ ਵੀ ਦਿੱਤੀ ਕਿ ਬੂਥ ਪੱਧਰ ’ਤੇ ਕਮੀਆਂ ਦੀ ਨਿਸ਼ਾਨਦੇਹੀ ਕਰਨ ਮਗਰੋਂ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਵਾਸਤੇ ਉਪਰਾਲੇ ਕੀਤੇ ਜਾਣ। ਜਲੰਧਰ ਦੀ ਜ਼ਿਮਨੀ ਚੋਣ ਬਾਰੇ ਉਮੀਦਵਾਰ ਦੀ ਚੋਣ ਦੇ ਅਧਿਕਾਰ ਵੀ ਭਗਵੰਤ ਮਾਨ ਨੂੰ ਦਿੱਤੇ ਗਏ ਹਨ। ਮੁੱਖ ਮੰਤਰੀ ਮਾਨ ਅੱਜ ਸੁਨੀਤਾ ਕੇਜਰੀਵਾਲ ਨੂੰ ਵੀ ਮਿਲੇ। ਉਹ ਕੇਜਰੀਵਾਲ ਨਾਲ ਮੁਲਾਕਾਤ ਨੂੰ ਨਿਰੋਲ ਪਰਿਵਾਰਕ ਮੁਲਾਕਾਤ ਦੱਸ ਰਹੇ ਹਨ। ਆਮ ਆਦਮੀ ਪਾਰਟੀ ਆਉਂਦੇ ਦਿਨਾਂ ਵਿਚ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ’ਤੇ ਫੋਕਸ ਕਰੇਗੀ ਅਤੇ ਪਾਰਟੀ ਨੇ ਰਣਨੀਤੀ ਤਿਆਰ ਕਰਨ ਵਾਸਤੇ ਸਰਗਰਮੀ ਵਧਾ ਦਿੱਤੀ ਹੈ। ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਜਲੰਧਰ ਪੱਛਮੀ ਦੀ ਸੀਟ ਖ਼ਾਲੀ ਹੋਈ ਸੀ। ਚੇਤੇ ਰਹੇ ਕਿ ਲੰਘੇ ਕੱਲ੍ਹ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕੁਝ ਚੋਣਵੇਂ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਸੀ। ਇਨ੍ਹਾਂ ਵਿਧਾਇਕਾਂ ਤੋਂ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਵਾਰੇ ਫੀਡਬੈਕ ਲਈ ਗਈ। ਮੁੱਖ ਮੰਤਰੀ ਨੇ ਭਲਕੇ ਡਿਪਟੀ ਕਮਿਸ਼ਨਰਾਂ ਨਾਲ ਵੀ ਇੱਕ ਮੀਟਿੰਗ ਰੱਖੀ ਹੈ।

Radio Mirchi