ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ

ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ

ਮਲਾਵੀ ਦੇ ਉਪ ਰਾਸ਼ਟਰਪਤੀ ਤੇ ਨੌਂ ਹੋਰਾਂ ਦੀ ਜਹਾਜ਼ ਹਾਦਸੇ ’ਚ ਮੌਤ
ਬਲੈਨਟਾਇਰ-ਮਲਾਵੀ ਦੇ ਉਪ ਰਾਸ਼ਟਰਪਤੀ ਸਾਓਲੋਸ ਚਿਲੀਮਾ, ਸਾਬਕਾ ਪ੍ਰਥਮ ਮਹਿਲਾ ਤੇ ਅੱਠ ਹੋਰਨਾਂ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਮਲਾਵੀ ਦੇ ਰਾਸ਼ਟਰਪਤੀ ਲਜ਼ਾਰੁਸ ਚਕਵੇਰਾ ਨੇ ਦੇਸ਼ ਦੇ ਨਾਂ ਆਪਣੇ ਸੰਬੋਧਨ ਵਿਚ ਹਾਦਸੇ ਵਿਚ ਗਈਆਂ ਜਾਨਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸਾਗ੍ਰਸਤ ਫੌਜੀ ਜਹਾਜ਼ ਦਾ ਮਲਬਾ ਦੇਸ਼ ਦੇ ਉੱਤਰੀ ਹਿੱਸੇ ਵਿਚ ਪਹਾੜੀ ਇਲਾਕੇ ’ਚੋਂ ਮਿਲਿਆ ਹੈ। ਫੌਜੀ ਜਹਾਜ਼ ਸੋਮਵਾਰ ਸਵੇਰੇ ਲਾਪਤਾ ਹੋਇਆ ਸੀ ਤੇ ਪਿਛਲੇ 24 ਘੰਟਿਆਂ ਤੋਂ ਸੈਂਕੜੇ ਫੌਜੀਆਂ, ਪੁਲੀਸ ਅਧਿਕਾਰੀਆਂ ਤੇ ਫਾਰੈਸਟ ਰੇਂਜਰਾਂ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ।
ਜਹਾਜ਼ ਨੇ ਦੱਖਣ ਅਫ਼ਰੀਕਾ ਵਿਚਲੇ ਮੁਲਕ ਦੀ ਰਾਜਧਾਨੀ ਲਿਲੌਂਗਵੇ ਤੋਂ ਮਜ਼ੁਜ਼ੂ ਸ਼ਹਿਰ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਪੌਣੇ ਘੰਟੇ ਮਗਰੋਂ ਜਹਾਜ਼ ਲਾਪਤਾ ਹੋ ਗਿਆ ਸੀ। ਚਕਵੇਰਾ ਨੇ ਕਿਹਾ ਕਿ ਏਅਰ ਟਰੈਫਿਕ ਕੰਟਰੋਲਰਾਂ ਨੇ ਖਰਾਬ ਮੌਸਮ ਤੇ ਮਾੜੀ ਦਿਸਣ ਹੱਦ ਕਰਕੇ ਫੌਜੀ ਜਹਾਜ਼ ਨੂੰ ਮਜ਼ੁਜ਼ੂ ਹਵਾਈ ਅੱਡੇ ’ਤੇ ਉਤਰਨ ਤੋਂ ਰੋਕਦਿਆਂ ਵਾਪਸ ਲਿਲੌਂਗਵੇ ਜਾਣ ਲਈ ਕਿਹਾ ਸੀ। ਰਾਸ਼ਟਰਪਤੀ ਨੇ ਕਿਹਾ ਕਿ ਇਸ ਮਗਰੋਂ ਜਹਾਜ਼ ਦਾ ਏਟੀਸੀ ਨਾਲੋਂ ਸੰਪਰਕ ਟੁੱਟ ਗਿਆ ਤੇ ਇਹ ਰਾਡਾਰ ਤੋਂ ਗਾਇਬ ਹੋ ਗਿਆ। ਜਹਾਜ਼ ’ਤੇ ਦੇਸ਼ ਦੀ ਸਾਬਕਾ ਪ੍ਰਥਮ ਮਹਿਲਾ ਸਣੇ ਸੱਤ ਯਾਤਰੀ ਤੇ ਫੌਜੀ ਅਮਲੇ ਦੇ ਤਿੰਨ ਮੈਂਬਰ ਸਵਾਰ ਸਨ। ਚਿਲੀਮਾ ਦਾ ਉਪ ਰਾਸ਼ਟਰਪਤੀ ਵਜੋਂ ਇਹ ਦੂਜਾ ਕਾਰਜਕਾਲ ਸੀ। ਉਹ 2014-2019 ਦੌਰਾਨ ਸਾਬਕਾ ਰਾਸ਼ਟਰਪਤੀ ਪੀਟਰ ਮੁਥਾਰਿਕਾ ਦੇ ਕਾਰਜਕਾਲ ਦੌਰਾਨ ਵੀ ਉਪ ਰਾਸ਼ਟਰਪਤੀ ਸਨ।

Radio Mirchi