ਕਾਂਗਰਸ ਜ਼ਿਮਨੀ ਅਤੇ ਵਿਧਾਨ ਸਭਾ ਚੋਣਾਂ ਮਜ਼ਬੂਤੀ ਨਾਲ ਲੜੇਗੀ: ਰਾਜਾ ਵੜਿੰਗ

ਕਾਂਗਰਸ ਜ਼ਿਮਨੀ ਅਤੇ ਵਿਧਾਨ ਸਭਾ ਚੋਣਾਂ ਮਜ਼ਬੂਤੀ ਨਾਲ ਲੜੇਗੀ: ਰਾਜਾ ਵੜਿੰਗ

ਕਾਂਗਰਸ ਜ਼ਿਮਨੀ ਅਤੇ ਵਿਧਾਨ ਸਭਾ ਚੋਣਾਂ ਮਜ਼ਬੂਤੀ ਨਾਲ ਲੜੇਗੀ: ਰਾਜਾ ਵੜਿੰਗ
ਚੰਡੀਗੜ੍ਹ-ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ 7 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ, ਪਰ 6 ਸੀਟਾਂ ’ਤੇ ਹਾਰ ਨੂੰ ਲੈ ਕੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਰਾਜਾ ਵੜਿੰਗ ਨੇ 7 ਸੀਟਾਂ ’ਤੇ ਜਿੱਤ ’ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ 6 ਸੀਟਾਂ ’ਤੇ ਹਾਰ ਨੂੰ ਲੈ ਕੇ ਪੜਚੋਲ ਕੀਤੀ। ਇਸ ਮੌਕੇ ਰਾਜਾ ਵੜਿੰਗ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਲੋਕ ਸਭਾ ਚੋਣਾਂ ਦੇ ਵੋਟ ਬੈਂਕ ਦੀ ਸੰਭਾਲ ਯਕੀਨੀ ਬਣਾਉਣ ਲਈ ਸਾਰਿਆਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਲਈ ਪ੍ਰੇਰਿਆ।
ਸ੍ਰੀ ਵੜਿੰਗ ਨੇ ਮੀਟਿੰਗ ਦੌਰਾਨ ਏਕਤਾ ਅਤੇ ਸਮੂਹਿਕ ਕਾਰਵਾਈ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਸਮੂਹਿਕ ਕੋਸ਼ਿਸ਼ਾਂ ਤੇ ਏਕਤਾ ਦਾ ਨਤੀਜਾ ਹੈ। ਪੰਜਾਬ ਕਾਂਗਰਸ ਵੱਲੋਂ ਵਿਅਕਤੀਗਤ ਹਿੱਤਾਂ ਦੀ ਬਜਾਏ ਪਾਰਟੀ ਦੇ ਟੀਚਿਆਂ ਲਈ ਮਿਲ ਕੇ ਕੰਮ ਕਰਨ ਕਾਰਨ ਹੀ ਚੋਣਾਂ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਸਾਰਿਆਂ ਨੂੰ ਪਾਰਟੀ ਨੂੰ ਹੋਰ ਮਜ਼ਬੂਤ ​​ਕਰਨ ਲਈ ਸਹਿਯੋਗ ਦੀ ਇਸ ਭਾਵਨਾ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਮਜ਼ਬੂਤੀ ਨਾਲ ਲੜੇਗੀ ਅਤੇ ਜਿੱਤ ਹਾਸਲ ਕਰਕੇ ਰਹੇਗੀ। ਕੁਝ ਜ਼ਿਲ੍ਹਾ ਪ੍ਰਧਾਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹਾਰ ਦਾ ਕਾਰਨ ਉਮੀਦਵਾਰ ਦਾ ਦੇਰੀ ਨਾਲ ਐਲਾਨ ਕਰਨਾ ਦੱਸਿਆ। ਇਸ ਤੋਂ ਇਲਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੇ ਫਰੀਦਕੋਟ ਵਿੱਚ ਇਕਪਾਸੜ ਲਹਿਰ ਚੱਲਣ ਕਰਕੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Radio Mirchi