‘ਤਿੱਬਤ ਪਾਲਿਸੀ ਬਿੱਲ ਬਾਰੇ ਅਮਰੀਕੀਆਂ ਦੇ ਹਿੱਤ ’ਚ ਫੈਸਲਾ ਲੈਣਗੇ ਬਾਇਡਨ’

‘ਤਿੱਬਤ ਪਾਲਿਸੀ ਬਿੱਲ ਬਾਰੇ ਅਮਰੀਕੀਆਂ ਦੇ ਹਿੱਤ ’ਚ ਫੈਸਲਾ ਲੈਣਗੇ ਬਾਇਡਨ’
ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਤਿੱਬਤ ਪਾਲਿਸੀ ਬਿੱਲ ਬਾਰੇ ਜੋ ਵੀ ਫੈਸਲਾ ਲੈਣਗੇ ਉਹ ਅਮਰੀਕਾ ਦੇ ਵਡੇੇਰੇ ਹਿੱਤਾਂ ਵਿਚ ਹੋਵੇਗਾ। ਵ੍ਹਾਈਟ ਹਾਊਸ ਨੇ ਇਹ ਟਿੱਪਣੀ ਚੀਨ ਦੇ ਉਸ ਬਿਆਨ ਮਗਰੋਂ ਕੀਤੀ ਹੈ, ਜਿਸ ਵਿਚ ਉਸ ਨੇ ਤਿੱਬਤ ਪਾਲਿਸੀ ਬਿੱਲ ਨੂੰ ਕਾਨੂੰਨ ਦੀ ਸ਼ਕਲ ਦੇਣ ਦੀ ਸੂਰਤ ਵਿਚ ‘ਠੋਸ ਉਪਰਾਲਿਆਂ’ ਦੀ ਚੇਤਾਵਨੀ ਦਿੱਤੀ ਸੀ। ਅਮਰੀਕੀ ਕਾਂਗਰਸ ਨੇ ਤਿੱਬਤ ਸਰਕਾਰ ਤੇ ਇਸ ਦੇ ਦਰਜੇ ਸਬੰਧੀ ਜਾਰੀ ਵਿਵਾਦ ਦੇ ਸ਼ਾਂਤੀਪੂਰਨ ਹੱਲ ਦਾ ਸੱਦਾ ਦਿੰਦਿਆਂ ਇਸ ਮਹੀਨੇ ਇਕ ਬਿੱਲ ‘ਦਿ ਰਿਸੌਲਵ ਤਿੱਬਤ ਐਕਟ’ ਪਾਸ ਕੀਤਾ ਸੀ। ਅਮਰੀਕਾ ਨੇ ਪੇਈਚਿੰਗ ਨੂੰ ਸੱਦਾ ਦਿੱਤਾ ਸੀ ਕਿ ਉਹ ਤਿੱਬਤ ਦੇ ਰੂਹਾਨੀ ਆਗੂ ਦਲਾਈ ਲਾਮਾ ਨਾਲ ਮੁੜ ਸੰਵਾਦ ਸ਼ੁਰੂ ਕਰੇ। ਉਧਰ ਚੀਨ ਨੇ ਆਪਣੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਨਾਲ ਜੁੜੇ ਹਿੱਤਾਂ ਦੀ ਰਾਖੀ ਲਈ ਠੋਸ ਉਪਰਾਲੇ ਕਰਨ ਦਾ ਅਹਿਦ ਦੁਹਰਾਇਆ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਚੀਨ ਦੀ ਚੇਤਾਵਨੀ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ, ‘‘ਮੈਂ ਤੁਹਾਨੂੰ ਇਹੀ ਕਹਿ ਸਕਦੀ ਹਾਂ ਕਿ ਰਾਸ਼ਟਰਪਤੀ ਬਾਇਡਨ ਉਹੀ ਫੈਸਲਾ ਲੈਣਗੇ ਜੋ ਅਮਰੀਕੀ ਲੋਕਾਂ ਦੇ ਵਡੇਰੇ ਹਿੱਤ ਵਿਚ ਹੋਵੇਗਾ।’ ਦਿ ਰਿਸੌਲਵ ਤਿੱਬਤ ਐਕਟ ਦੋ ਪੱਖੀ ਬਿੱਲ ਹੈ, ਜਿਸ ਦਾ ਮੁੱਖ ਮੰਤਵ ਤਿੱਬਤ ਨੂੰ ਅਮਰੀਕੀ ਹਮਾਇਤ ਵਧਾਉਣਾ ਅਤੇ ਤਿੱਬਤ ਤੇ ਚੀਨ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਚੀਨ ਅਤੇ ਦਲਾਈ ਲਾਮਾ ਵਿਚਕਾਰ ਗੱਲਬਾਤ ਨੂੰ ਹੱਲਾਸ਼ੇਰੀ ਦੇਣਾ ਹੈ।
ਉਧਰ ਚੀਨ ਨੇ ਐਕਟ ਦਾ ਵਿਰੋਧ ਕਰਦਿਆਂ ਬਾਇਡਨ ਨੂੰ ਇਸ ’ਤੇ ਸਹੀ ਪਾਉਣ ਤੋਂ ਵਰਜਿਆ ਸੀ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਲਿਨ ਜਿਆਨ ਨੇ ਮੰਗਲਵਾਰ ਨੂੰ ਪੇਈਚਿੰਗ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਕੋਈ ਵੀ ਤਾਕਤ ਜੋ ਸ਼ੀਜ਼ੈਂਗ(ਤਿੱਬਤ) ਨੂੰ ਅਸਥਿਰ ਜਾਂ ਚੀਨ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਉਹ ਸਫਲ ਨਹੀਂ ਹੋਵੇਗੀ। ਅਮਰੀਕਾ ਨੂੰ ਇਸ ਬਿੱਲ ’ਤੇ ਸਹੀ ਨਹੀਂ ਪਾਉਣੀ ਚਾਹੀਦੀ। ਚੀਨ ਆਪਣੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਨਾਲ ਜੁੜੇ ਹਿੱਤਾਂ ਦੀ ਰਾਖੀ ਲਈ ਠੋਸ ਉਪਰਾਲੇ ਕਰੇਗਾ।’’ ਚੀਨ ਅਧਿਕਾਰਤ ਤੌਰ ’ਤੇ ਤਿੱਬਤ ਦਾ ਸ਼ੀਜ਼ੈਂਗ ਵਜੋਂ ਹਵਾਲਾ ਦਿੰਦਾ ਹੈ। ਚੀਨ ਨੇ ਇਸ ਸਾਲ ਅਪਰੈਲ ਵਿਚ ਕਿਹਾ ਸੀ ਕਿ ਉਹ ਭਾਰਤ ਵਿਚ ਅਧਾਰਿਤ ਜਲਾਵਤਨ ਤਿੱਬਤ ਸਰਕਾਰ ਦੇ ਅਧਿਕਾਰੀਆਂ ਦੀ ਥਾਂ ਸਿਰਫ ਦਲਾਈ ਲਾਮਾ ਦੇ ਪ੍ਰਤੀਨਿਧਾਂ ਨਾਲ ਹੀ ਗੱਲਬਾਤ ਕਰੇਗਾ। ਇਹੀ ਨਹੀਂ ਚੀਨ ਨੇ ਜਲਾਵਤਨ ਤਿੱਬਤ ਸਰਕਾਰ ਨੂੰ ਖੁਦਮੁਖਤਾਰੀ ਦੇਣ ਸਬੰਧੀ ਦਲਾਈ ਲਾਮਾ ਦੀ ਸੰਵਾਦ ਦੀ ਲੰਮੇ ਸਮੇਂ ਤੋਂ ਬਕਾਇਆ ਮੰਗ ਨੂੰ ਵੀ ਨਾਂਹ ਕਰ ਦਿੱਤੀ ਸੀ।