ਰੂਸ ਤੇ ਉੱਤਰੀ ਕੋਰੀਆ ਵਿਚਾਲੇ ਰਣਨੀਤਕ ਸਮਝੌਤਿਆਂ ’ਤੇ ਦਸਤਖ਼ਤ

ਰੂਸ ਤੇ ਉੱਤਰੀ ਕੋਰੀਆ ਵਿਚਾਲੇ ਰਣਨੀਤਕ ਸਮਝੌਤਿਆਂ ’ਤੇ ਦਸਤਖ਼ਤ

ਰੂਸ ਤੇ ਉੱਤਰੀ ਕੋਰੀਆ ਵਿਚਾਲੇ ਰਣਨੀਤਕ ਸਮਝੌਤਿਆਂ ’ਤੇ ਦਸਤਖ਼ਤ
ਸਿਓਲ-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਪਿਓਂਗਯਾਂਗ ਸਿਖਰ ਵਾਰਤਾ ਦੌਰਾਨ ਰਣਨੀਤਕ ਭਾਈਵਾਲੀ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਤਹਿਤ ਜੇ ਦੋਵੇਂ ਮੁਲਕਾਂ ’ਚੋਂ ਕਿਸੇ ਇਕ ’ਤੇ ਕੋਈ ਹਮਲਾ ਹੁੰਦਾ ਹੈ ਤਾਂ ਦੂਜਾ ਉਸ ਦੀ ਮਦਦ ਲਈ ਅੱਗੇ ਆਵੇਗਾ। ਇਹ ਸਮਝੌਤਾ ਉਸ ਸਮੇਂ ਹੋਇਆ ਹੈ ਜਦੋਂ ਪੱਛਮ ਨਾਲ ਦੋਵੇਂ ਮੁਲਕਾਂ ਦਾ ਰੇੜਕਾ ਚੱਲ ਰਿਹਾ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਮਝੌਤੇ ਤਹਿਤ ਕਿਹੋ ਜਿਹਾ ਸਹਿਯੋਗ ਦਿੱਤਾ ਜਾਵੇਗਾ ਪਰ ਇਸ ਨੂੰ ਵਿਆਪਕ ਰਣਨੀਤਕ ਭਾਈਵਾਲੀ ਦਾ ਨਾਮ ਦਿੱਤਾ ਗਿਆ ਹੈ।
ਪੂਤਿਨ ਦਾ 24 ਸਾਲਾਂ ’ਚ ਇਹ ਉੱਤਰੀ ਕੋਰੀਆ ਦਾ ਪਹਿਲਾ ਦੌਰਾ ਹੈ। ਰੂਸੀ ਮੀਡੀਆ ਮੁਤਾਬਕ ਸਮਝੌਤਿਆਂ ’ਤੇ ਦਸਤਖ਼ਤ ਮਗਰੋਂ ਆਪਣੇ ਸੰਬੋਧਨ ’ਚ ਪੂਤਿਨ ਨੇ ਕਿਹਾ ਕਿ ਕਿਮ ਨਾਲ ਸੁਰੱਖਿਆ ਅਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਸਮਝੌਤੇ ਤਹਿਤ ਉੱਤਰੀ ਕੋਰੀਆ ਨਾਲ ਫ਼ੌਜੀ-ਤਕਨੀਕੀ ਸਹਿਯੋਗ ਵਿਕਸਤ ਕਰਨ ਤੋਂ ਵੀ ਪਿੱਛੇ ਨਹੀਂ ਹਟੇਗਾ। ਕਿਮ ਨੇ ਕਿਹਾ ਕਿ ਸਮਝੌਤਾ ਸ਼ਾਂਤਮਈ ਅਤੇ ਰੱਖਿਆਤਮਕ ਮਿਜ਼ਾਜ ਦਾ ਹੈ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਸਮਝੌਤਾ ਨਵੇਂ ਬਹੁਧਰੁਵੀ ਸੰਸਾਰ ਦੀ ਸਥਾਪਨਾ ’ਚ ਤੇਜ਼ੀ ਲਿਆਵੇਗਾ। ਰੂਸ ਅਤੇ ਉੱਤਰੀ ਕੋਰੀਆ ਨੇ ਸਿਹਤ-ਸੰਭਾਲ, ਮੈਡੀਕਲ ਸਿੱਖਿਆ ਅਤੇ ਸਾਇੰਸ ਦੇ ਖੇਤਰਾਂ ’ਚ ਸਹਿਯੋਗ ਬਾਰੇ ਸਮਝੌਤਿਆਂ ’ਤੇ ਵੀ ਦਸਤਖ਼ਤ ਕੀਤੇ। ਪੂਤਿਨ ਦੇ ਬੀਤੀ ਰਾਤ ਇਥੇ ਪੁੱਜਣ ’ਤੇ ਕਿਮ ਨੇ ਹਵਾਈ ਅੱਡੇ ਉਪਰ ਰੂਸੀ ਰਾਸ਼ਟਰਪਤੀ ਦਾ ਸਵਾਗਤ ਕੀਤਾ ਅਤੇ ਦੋ ਵਾਰ ਗਲਵੱਕੜੀ ਪਾਈ। ਇਸ ਮਗਰੋਂ ਉਹ ਇਕੱਠੇ ਇਕ ਕਾਰ ’ਚ ਹੀ ਹਵਾਈ ਅੱਡੇ ਤੋਂ ਰਵਾਨਾ ਹੋਏ।

Radio Mirchi