ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣੇ

ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣੇ

ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣੇ
ਨਵੀਂ ਦਿੱਲੀ-ਐੱਨਡੀਓ ਦੇ ਉਮੀਦਵਾਰ ਓਮ ਬਿਰਲਾ ਅੱਜ ਜ਼ੁਬਾਨੀ ਵੋਟ ਨਾਲ ਲਗਾਤਾਰ ਦੂਜੇ ਕਾਰਜਕਾਲ ਲਈ ਲੋਕ ਸਭਾ ਦੇ ਸਪੀਕਰ ਚੁਣੇ ਗਏ। ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਨੇ ਬਿਰਲਾ ਦੇ ਮੁਕਾਬਲੇ ਅੱਠ ਵਾਰ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੀਕਰ ਵਜੋਂ ਚੋਣ ਲਈ ਬਿਰਲਾ ਦੇ ਨਾਂ ਦੀ ਤਜਵੀਜ਼ ਵਾਲਾ ਮਤਾ ਸਦਨ ਵਿਚ ਰੱਖਿਆ, ਜਿਸ ਦੀ ਤਾਈਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਉਧਰ ਸੁਰੇਸ਼ ਦੇ ਹੱਕ ਵਿਚ ਵੀ ਵਿਰੋਧੀ ਧਿਰਾਂ ਵੱਲੋਂ ਮਤੇ ਰੱਖੇ ਗਏ।
ਵਿਰੋਧੀ ਧਿਰ ਵੱਲੋਂ ਹਾਲਾਂਕਿ ਮਤੇ ’ਤੇ ਵੋਟਿੰਗ ਲਈ ਦਬਾਅ ਨਾ ਪਾਏ ਜਾਣ ਮਗਰੋਂ ਪ੍ਰੋ-ਟੈੱਮ ਸਪੀਕਰ ਭਰਤਰੀਹਰੀ ਮਹਿਤਾਬ ਨੇ ਜ਼ੁਬਾਨੀ ਵੋਟਿੰਗ ਮਗਰੋਂ ਬਿਰਲਾ ਦੀ ਸਪੀਕਰ ਵਜੋਂ ਚੋਣ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਉਨ੍ਹਾਂ ਦੀ ਸੀਟ ’ਤੇ ਜਾ ਕੇ ਵਧਾਈ ਦਿੱਤੀ। ਉਪਰੰਤ ਸ੍ਰੀ ਮੋਦੀ ਤੇ ਗਾਂਧੀ, ਓਮ ਬਿਰਲਾ ਨੂੰ ਨਾਲ ਲੈ ਕੇ ਸਪੀਕਰ ਦੀ ਸੀਟ ’ਤੇ ਪਹੁੰਚੇ, ਜਿੱਥੇ ਬਿਰਲਾ ਨੇ ਸਪੀਕਰ ਦੇ ਆਸਣ ’ਤੇ ਬੈਠ ਕੇ ਰਸਮੀ ਤੌਰ ’ਤੇ ਅਹੁਦਾ ਗ੍ਰਹਿਣ ਕਰ ਲਿਆ। ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਤੇ ਸਦਨ ਵਿਚ ਪ੍ਰਮੁੱਖ ਪਾਰਟੀਆਂ ਦੇ ਹੋਰਨਾਂ ਆਗੂਆਂ ਨੇ ਆਪਣੇ ਸੰਬੋਧਨ ਵਿਚ ਬਿਰਲਾ ਨੂੰ ਸਪੀਕਰ ਚੁਣੇ ਜਾਣ ਦੀ ਵਧਾਈ ਦਿੱਤੀ।
ਓਮ ਬਿਰਲਾ ਨੇ ਸਪੀਕਰ ਦਾ ਚਾਰਜ ਲੈਣ ਮਗਰੋਂ ਇਕ ਮਤਾ ਪੜ੍ਹਦਿਆਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ ਥੋਪੀ ਐਮਰਜੈਂਸੀ ਦੀ ਨਿਖੇਧੀ ਕੀਤੀ ਤੇ ਮੈਂਬਰਾਂ ਨੂੰ ਇਕ ਮਿੰਟ ਦਾ ਮੌਨ ਰੱਖਣ ਲਈ ਕਿਹਾ, ਜਿਸ ਦਾ ਵਿਰੋਧੀ ਧਿਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਬਿਰਲਾ ਨੇ ਮਤਾ ਪੜ੍ਹਦੇ ਹੋਏ ਕਿਹਾ, ‘‘ਭਾਰਤ ਵਿਚ ਜਮਹੂਰੀ ਕਦਰਾਂ ਕੀਮਤਾਂ ਤੇ ਵਾਦ-ਵਿਵਾਦ ਦੀ ਹਮੇਸ਼ਾ ਹਮਾਇਤ ਕੀਤੀ ਗਈ ਹੈ… ਇੰਦਰਾ ਗਾਂਧੀ ਨੇ ਅਜਿਹੇ ਭਾਰਤ ’ਤੇ ਤਾਨਾਸ਼ਾਹੀ ਥੋਪੀ। ਭਾਰਤ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਮਧੋਲਿਆ ਗਿਆ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਗ਼ਲਾ ਘੁੱਟਿਆ ਗਿਆ।’’ ਵਿਰੋਧੀ ਧਿਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਦਰਮਿਆਨ ਬਿਰਲਾ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਹੀ ਸਦਨ ਦੀ ਕਾਰਵਾਈ ਨੂੰ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤਾ। ਵਿਰੋਧੀ ਧਿਰਾਂ ਨੇ ਐਮਰਜੈਂਸੀ ਨਾਲ ਸਬੰਧਤ ਮਤੇ ਨੂੰ ਲੈ ਕੇ ਜਿੱਥੇ ਸਦਨ ਦੇ ਅੰਦਰ ਪ੍ਰਦਰਸ਼ਨ ਕੀਤਾ, ਉਥੇ ਭਾਜਪਾ ਮੈਂਬਰਾਂ ਨੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਐਮਰਜੈਂਸੀ ਲਈ ਕਾਂਗਰਸ ਤੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਕੀਤੀ।

Radio Mirchi