ਮੋਦੀ 3.0 ’ਚ ਪ੍ਰਗਤੀ ਕਰ ਸਕਦੇ ਨੇ ਭਾਰਤ ਤੇ ਅਮਰੀਕਾ: ਗਾਰਸੇਟੀ

ਮੋਦੀ 3.0 ’ਚ ਪ੍ਰਗਤੀ ਕਰ ਸਕਦੇ ਨੇ ਭਾਰਤ ਤੇ ਅਮਰੀਕਾ: ਗਾਰਸੇਟੀ

ਮੋਦੀ 3.0 ’ਚ ਪ੍ਰਗਤੀ ਕਰ ਸਕਦੇ ਨੇ ਭਾਰਤ ਤੇ ਅਮਰੀਕਾ: ਗਾਰਸੇਟੀ
ਵਾਸ਼ਿੰਗਟਨ-ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੌਰਾਨ ਜਦੋਂ ‘ਉਤਸ਼ਾਹੀ ਭਾਰਤ’ ਅਤੇ ‘ਉਤਸ਼ਾਹੀ ਅਮਰੀਕਾ’ ਮਿਲ ਕੇ ਕੰਮ ਕਰਨਗੇ ਤਾਂ ਰੱਖਿਆ ਭਾਈਵਾਲੀ, ਅਹਿਮ ਉੱਭਰਦੀਆਂ ਤਕਨੀਕਾਂ ਤੇ ਅਰਥਿਕ ਖੁਸ਼ਹਾਲੀ ’ਚ ਹੋਰ ਪ੍ਰਗਤੀ ਹਾਸਲ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਤੇ ਐੱਨਡੀਏ ਨੂੰ ਉਨ੍ਹਾਂ ਦੀ ਜਿੱਤ ਦੀ ਵਧਾਈ ਦਿੰਦਿਆਂ ਗਾਰਸੇਟੀ ਨੇ ਕਿਹਾ ਕਿ ਮੋਦੀ 3.0 ਦੁਵੱਲੇ ਸਬੰਧਾਂ ਦੇ ਸੁਫ਼ਨਿਆਂ ਨੂੰ ਹਕੀਕਤ ਵਿੱਚ ਤਬਦੀਲ ਕਰਨ ਦਾ ਸਮਾਂ ਹੈ।
ਗਾਰਸੇਟੀ ਨੇ ਪੀਟੀਆਈ ਨੂੰ ਦਿੱਤੀ ਇੰਟਰਵਿਊ ’ਚ ਕਿਹਾ, ‘ਮੈਨੂੰ ਲਗਦਾ ਹੈ ਕਿ ਮੋਦੀ 3.0 ਸਾਡੇ ਲਈ ਆਪਣੇ ਸੁਫਨੇ ਸਾਕਾਰ ਕਰਨ ਦਾ ਸਮਾਂ ਹੈ।’ ਭਾਰਤ ਵਿੱਚ ਹਾਲ ਹੀ ਵਿੱਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਬਾਇਡਨ ਪ੍ਰਸ਼ਾਸਨ ਦੇ ਕਿਸੇ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਗਈ ਇਹ ਪਹਿਲੀ ਇੰਟਰਵਿਊ ਹੈ। ਲੋਕ ਸਭਾ ਚੋਣਾਂ ਮਗਰੋਂ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਤੀਜੀ ਵਾਰ ਸੱਤਾ ’ਚ ਆਏ ਹਨ। ਗਾਰਸੇਟੀ ਨੇ ਕਿਹਾ, ‘ਭਾਵੇਂ ਉਹ ਕੰਮ ਹੋਵੇ ਜਿਸ ਨੂੰ ਅਸੀਂ ਆਪਣੀ ਰੱਖਿਆ ਭਾਈਵਾਲੀ ਨਾਲ ਮਿਲ ਕੇ ਕਰ ਰਹੇ ਹਾਂ, ਭਾਵੇਂ ਉਹ ਸਾਡੀ ਅਹਿਮ ਉੱਭਰਦੀਆਂ ਤਕਨੀਕਾਂ ਹੋਣ ਜਾਂ ਫਿਰ ਉਹ ਕੰਮ ਹੋਵੇ ਜਿਸ ਨੂੰ ਅਸੀਂ ਆਰਥਿਕ ਖੁਸ਼ਹਾਲੀ ਲਈ ਕਰ ਰਹੇ ਹਾਂ। ਮੈਨੂੰ ਲਗਦਾ ਹੈ ਕਿ ਮੋਦੀ 3.0 ’ਚ ਇਹ ਚੀਜ਼ਾਂ ਹਾਸਲ ਕਰਨ ਲਈ ਅਸੀਂ ਇੱਕ ਉਤਸ਼ਾਹੀ ਭਾਰਤ ਨੂੰ ਇੱਕ ਉਤਸ਼ਾਹੀ ਅਮਰੀਕਾ ਨਾਲ ਕੰਮ ਕਰਦਿਆਂ ਦੇਖ ਸਕਦੇ ਹਾਂ।’ ਉਨ੍ਹਾਂ ਕਿਹਾ, ‘ਮੇਰੀ ਰਾਏ ਵਿੱਚ 3.0 ਇਸ ਬਾਰੇ ਹੈ ਕਿ ਅਸੀਂ ਅਮਰੀਕਾ ਤੇ ਭਾਰਤ ਵਿਚਾਲੇ ਕਿਸ ਤਰ੍ਹਾਂ ਦਾ ਰਿਸ਼ਤਾ ਬਣਾਉਂਦੇ ਹਾਂ ਜੋ ਨਾ ਸਿਰਫ਼ ਸਾਡੇ ਲੋਕਾਂ ਲਈ ਬਲਕਿ ਦੁਨੀਆ ਲਈ ਵੀ ਚੰਗਾ ਹੋ ਸਕਦਾ ਹੈ। ਇਹ ਦੁਨੀਆ ਨੂੰ ਦਿਖਾ ਸਕਦਾ ਹੈ ਕਿ ਲੋਕਤੰਤਰ, ਤਾਨਾਸ਼ਾਹੀ ਤੋਂ ਬਿਹਤਰ ਹੈ ਅਤੇ ਇੱਕ ਆਜ਼ਾਦ ਤੇ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਹਰ ਇਨਸਾਨ ਲਈ ਫਾਇਦੇਮੰਦ ਹੈ।’ ਹਾਲ ਹੀ ਵਿੱਚ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਇੱਕ ਸਾਲ ਪੂਰਾ ਕਰਨ ਵਾਲੇ ਗਾਰਸੇਟੀ ਨੇ ਕਿਹਾ ਕਿ ਪ੍ਰਧਾਨ ਮਤਰੀ ਦੇ ਦੂਜੇ ਕਾਰਜਕਾਲ ਦੌਰਾਨ, ‘ਅਸੀਂ ਇੱਕ ਰਾਜਸੀ ਯਾਤਰਾ ਦੇਖੀ, ਜੀ-20 ਦੌਰਾਨ ਰਾਸ਼ਟਰਪਤੀ ਦੀ ਯਾਤਰਾ ਦੇਖੀ ਅਤੇ ਵੱਖ ਵੱਖ ਖੇਤਰਾਂ ’ਚ 150 ਤੋਂ ਵੱਧ ਸਮਝੌਤੇ ਹੋਏ।’ ਲਾਸ ਏਂਜਲਜ਼ ਸ਼ਹਿਰ ਦੇ 53 ਸਾਲਾ ਸਾਬਕਾ ਮੇਅਰ ਨੇ ਕਿਹਾ, ‘ਭਾਵੇਂ ਉਹ ਪੁਲਾੜ ’ਚ ਹੋਵੇ, ਭਾਵੇਂ ਸਿਹਤ ’ਚ ਹੋਵੇ, ਰੱਖਿਆ ’ਚ ਹੋਵੇ, ਵਪਾਰ ’ਚ ਹੋਵੇ, ਅਸੀਂ ਪਿਛਲੇ ਮਸਲੇ ਹੱਲ ਕੀਤੇ ਅਤੇ ਆਪਣੀਆਂ ਖਾਹਿਸ਼ਾਂ ਨਾਲ ਅੱਗੇ ਵਧੇ।’

Radio Mirchi