ਫਰਾਂਸ: ਚੋਣ ਪ੍ਰਚਾਰ ਦੌਰਾਨ ਸਰਕਾਰੀ ਤਰਜਮਾਨ ’ਤੇ ਹਮਲਾ
.jpeg)
ਫਰਾਂਸ: ਚੋਣ ਪ੍ਰਚਾਰ ਦੌਰਾਨ ਸਰਕਾਰੀ ਤਰਜਮਾਨ ’ਤੇ ਹਮਲਾ
ਪੈਰਿਸ-ਸੰਸਦੀ ਚੋਣਾਂ ਤੋਂ ਕੁਝ ਹੀ ਦਿਨ ਪਹਿਲਾਂ ਫਰਾਂਸੀਸੀ ਸਰਕਾਰ ਦੀ ਤਰਜਮਾਨ ਪ੍ਰਿਸਕਾ ਦੇਵਨੋ ’ਤੇ ਚੋਣ ਪ੍ਰਚਾਰ ਦੌਰਾਨ ਹਮਲਾ ਕੀਤਾ ਗਿਆ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮੁਲਕ ’ਚ ਸੰਸਦੀ ਚੋਣਾਂ 7 ਜੁਲਾਈ ਨੂੰ ਹੋਣੀਆਂ ਹਨ।
ਪ੍ਰਧਾਨ ਮੰਤਰੀ ਗੈਬਰੀਅਲ ਐਟਲ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਮੈਕਰੌਂ ਦੀ ਅਗਵਾਈ ਵਾਲੇ ਕੇਂਦਰੀ ਗੱਠਜੋੜ ਐਨਸੈਂਬਲ ਦੀ ਉਮੀਦਵਾਰ ਦੇਵਨੋ, ਉਨ੍ਹਾਂ ਦੀ ਸਹਾਇਕ ਅਤੇ ਪਾਰਟੀ ਦਾ ਇੱਕ ਹੋਰ ਕਾਰਕੁਨ ਬੁੱਧਵਾਰ ਰਾਤ ਨੂੰ ਪੈਰਿਸ ’ਚ ਪੋਸਟਰ ਲਾ ਰਹੇ ਸਨ, ਜਿਸ ਦੌਰਾਨ ਇੱਕ ਗਰੁੱਪ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।’’ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਦੇਵਨੋ ਜ਼ਖਮੀ ਨਹੀਂ ਹੋਈ ਹੈ ਅਤੇ ਚੋਣ ਪ੍ਰਚਾਰ ਕਰ ਰਹੀ ਹੈ ਪਰ ਉਸ ਦੀ ਸਹਾਇਕ ਤੇ ਪਾਰਟੀ ਕਾਰਕੁਨ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸੱਟਾਂ ਲੱਗੀਆਂ ਹਨ। ਸਰਕਾਰੀ ਵਕੀਲ ਦੇ ਦਫ਼ਤਰ ਨੇ ਦੱਸਿਆ ਕਿ ਉਸ ਨੇ ਸਰਕਾਰੀ ਅਧਿਕਾਰੀ ’ਤੇ ਹਥਿਆਰਾਂ ਨਾਲ ਹਮਲੇ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਹਮਲੇ ਪਿੱਛੇ ਕਾਰਨਾਂ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ। ਵਕੀਲ ਮੁਤਾਬਕ ਇਸ ਸਬੰਧ ’ਚ ਤਿੰਨ ਨਾਬਾਲਗਾਂ ਸਣੇ ਚਾਰ ਜਣੇ ਹਿਰਾਸਤ ’ਚ ਹਨ।