ਹਰਿਆਣਾ ’ਚ ਆਪਣੇ ਦਮ ’ਤੇ ਚੋਣਾਂ ਲੜਾਂਗੇ: ‘ਆਪ’

ਹਰਿਆਣਾ ’ਚ ਆਪਣੇ ਦਮ ’ਤੇ ਚੋਣਾਂ ਲੜਾਂਗੇ: ‘ਆਪ’
ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਤੇ ਡਾ. ਸੰਦੀਪ ਪਾਠਕ ਨੇ ਇਹ ਦਾਅਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਇਸ ਮੌਕੇ ‘ਆਪ’ ਹਰਿਆਣਾ ਦੇ ਸੀਨੀਅਰ ਆਗੂ ਸੁਸ਼ੀਲ ਗੁਪਤਾ ਤੇ ਅਨੁਰਾਗ ਢਾਂਡਾ ਵੀ ਮੌਜੂਦ ਸਨ। ‘ਆਪ’ ਆਗੂਆਂ ਨੇ ਹਰਿਆਣਾ ਵਿੱਚ ਅਕਤੂਬਰ ਮਹੀਨੇ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ‘ਬਦਲੇਂਗੇ ਹਰਿਆਣਾ ਕਾ ਹਾਲ, ਅਬ ਲਾਏਂਗੇ ਕੇਜਰੀਵਾਲ’ ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਹਰਿਆਣਾ ਵਿੱਚ ਇਸੇ ਨਾਅਰੇ ’ਤੇ ਚੋਣਾਂ ਲੜੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਹਰੇਕ ਪਾਰਟੀ ਨੂੰ ਮੌਕੇ ਦੇ ਕੇ ਦੇਖ ਲਿਆ ਹੈ, ਪਰ ਪਿਛਲੀਆਂ ਸਰਕਾਰਾਂ ਨੇ ਲੋਕਾਂ ਨਾਲ ਸਿਰਫ਼ ਧੋਖਾ ਹੀ ਕੀਤਾ ਹੈ। ਇਸ ਲਈ ਹਰਿਆਣਾ ਦੇ ਲੋਕ ਵੀ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸੂਬਾ ਦਿੱਲੀ ਤੇ ਪੰਜਾਬ ਨਾਲ ਘਿਰਿਆ ਹੋਇਆ ਹੈ। ਇਨ੍ਹਾਂ ਦੋਵਾਂ ਥਾਵਾਂ ’ਤੇ ‘ਆਪ’ ਦੀ ਸਰਕਾਰ ਹੈ, ਜਿਨ੍ਹਾਂ ਵੱਲੋਂ ਮਿਸਾਲੀ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕੰਮਾਂ ਦੇ ਆਧਾਰ ’ਤੇ ਹੀ ਪਾਰਟੀ ਵੱਲੋਂ ਹਰਿਆਣਾ ਅਸੈਂਬਲੀ ਦੀਆਂ ਚੋਣਾਂ ਵਿੱਚ ਮਜ਼ਬੂਤੀ ਨਾਲ ਹਿੱਸਾ ਲਿਆ ਜਾਵੇਗਾ ਅਤੇ ਜਿੱਤ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਪਹਿਲਾਂ ਦਿੱਲੀ ਅਤੇ ਫੇਰ ਪੰਜਾਬ ਵਿੱਚ ਹੂੰਝਾਫੇਰੂ ਜਿੱਤ ਹਾਸਲ ਕੀਤੀ ਹੈ। ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਵੀ ‘ਆਪ’ ਨੇ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸੇ ਤਰਜ਼ ’ਤੇ ‘ਆਪ’ ਹਰਿਆਣਾ ਵਿੱਚ ਵੀ ਸਰਕਾਰ ਬਣਾਏਗੀ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਹਰਿਆਣਾ ਵਿੱਚ ਪਿਛਲੇ 10 ਸਾਲਾਂ ਤੋਂ ਡਬਲ ਇੰਜਣ ਦੀ ਸਰਕਾਰ ਹੋਣ ਦੇ ਬਾਵਜੂਦ ਸੂਬੇ ਦਾ ਸੁਧਾਰ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਵੱਡੀ ਗਿਣਤੀ ਨੌਜਵਾਨ ਫੌਜ ਵਿੱਚ ਭਰਤੀ ਹੁੰਦੇ ਸੀ, ਪਰ ਭਾਜਪਾ ਸਰਕਾਰ ਨੇ ‘ਅਗਨੀਵੀਰ’ ਯੋਜਨਾ ਰਾਹੀਂ ਫੌਜ ਨੂੰ ਹੀ ਠੇਕੇ ’ਤੇ ਦੇ ਦਿੱਤਾ ਹੈ, ਜਿੱਥੇ ਨੌਜਵਾਨਾਂ ਦੀ ਸਿਰਫ਼ 4 ਸਾਲਾਂ ਲਈ ਭਰਤੀ ਕੀਤੀ ਜਾਵੇਗੀ। ਅਗਨੀਵੀਰ ਯੋਜਨਾ ਕਰਕੇ ਨੌਜਵਾਨਾਂ ਦਾ ਫੌਜ ਵਿੱਚ ਭਰਤੀ ਹੋਣ ਦਾ ਉਤਸ਼ਾਹ ਘਟਿਆ ਹੈ। ਉਨ੍ਹਾਂ ਮੰਗ ਕੀਤੀ ਕਿ ਅਗਨੀਵੀਰ ਯੋਜਨਾ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸਿੱਖਿਆ, ਸਿਹਤ, ਕਾਨੂੰਨ ਵਿਵਸਥਾ ਤੇ ਅਗਨੀਵੀਰ ਯੋਜਨਾ ਵਰਗੇ ਮੁੱਦਿਆਂ ਨੂੰ ਚੁੱਕਿਆ ਜਾਵੇਗਾ ਅਤੇ ਸਰਕਾਰ ਬਣਦੇ ਸਾਰੇ ਇਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਡਾ. ਸੰਦੀਪ ਪਾਠਕ ਨੇ ਕਿਹਾ ਕਿ ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰਦਿਆਂ ਸੂਬੇ ਵਿੱਚ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਜਾ ਰਿਹਾ ਹੈ। ਪਾਰਟੀ ਨੇ ਸੂਬੇ ਦੇ 6500 ਦੇ ਕਰੀਬ ਪਿੰਡਾਂ ਵਿੱਚ ਆਪਣੀਆਂ ਇਕਾਈਆਂ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ 20 ਜੁਲਾਈ ਨੂੰ ਹਰਿਆਣਾ ਵਿੱਚ ਕੇਜਰੀਵਾਲ ਦੀ ਗਾਰੰਟੀ ਦਾ ਐਲਾਨ ਵੀ ਕੀਤਾ ਜਾਵੇਗਾ।