ਮੇਰਾ ਪ੍ਰਚਾਰ ਲੋਕ ਖੁਦ ਹੀ ਕਰ ਰਹੇ ਨੇ: ਕਮਲਾ ਹੈਰਿਸ

ਮੇਰਾ ਪ੍ਰਚਾਰ ਲੋਕ ਖੁਦ ਹੀ ਕਰ ਰਹੇ ਨੇ: ਕਮਲਾ ਹੈਰਿਸ
ਵਾਸ਼ਿੰਗਟਨ-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਅਰਬਪਤੀਆਂ ਅਤੇ ਵੱਡੇ ਕਾਰੋਬਾਰੀਆਂ ਦੀ ਹਮਾਇਤ ’ਤੇ ਨਿਰਭਰ ਹਨ ਜਦਕਿ ਉਨ੍ਹਾਂ ਦਾ ਪ੍ਰਚਾਰ ਲੋਕ ਆਪਣੇ ਆਪ ਕਰ ਰਹੇ ਹਨ। ਕਮਲਾ ਹੈਰਿਸ ਨੇ ਮਿਲਵਾਕੀ ’ਚ ਕਿਹਾ ਕਿ ਟਰੰਪ ਨੇ ਕੁਝ ਮਹੀਨੇ ਪਹਿਲਾਂ ਵੱਡੀਆਂ ਤੇਲ ਕੰਪਨੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਦਾਨ ’ਚ ਇਕ ਅਰਬ ਡਾਲਰ ਲਈ ਉਨ੍ਹਾਂ ਦੀ ਬੋਲੀ ਲਗਾਉਣਗੇ।
ਉਨ੍ਹਾਂ ਆਪਣਾ ਪ੍ਰਚਾਰ ਲੋਕਾਂ ਦੀ ਤਾਕਤ ’ਤੇ ਆਧਾਰਿਤ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ, ‘‘ਦੇਸ਼ ਦਾ ਅਜਿਹਾ ਭਵਿੱਖ ਹੋਵੇਗਾ ਜਿਥੇ ਕਿਸੇ ਬੱਚੇ ਨੂੰ ਗਰੀਬੀ ਨਹੀਂ ਦੇਖਣੀ ਪਵੇਗੀ। ਜਿਥੇ ਹਰੇਕ ਕਾਮੇ ਨੂੰ ਯੂਨੀਅਨ ’ਚ ਸ਼ਾਮਲ ਹੋਣ ਦੀ ਖੁੱਲ੍ਹ ਹੋਵੇਗੀ ਅਤੇ ਹਰੇਕ ਵਿਅਕਤੀ ਨੂੰ ਢੁੱਕਵਾਂ ਇਲਾਜ ਮਿਲੇਗਾ। ਅਸੀਂ ਅਜਿਹਾ ਭਵਿੱਖ ਲੋਚਦੇ ਹਾਂ ਜਿਥੇ ਹਰੇਕ ਸੀਨੀਅਰ ਪੂਰੀ ਇੱਜ਼ਤ ਨਾਲ ਸੇਵਾਮੁਕਤ ਹੋ ਸਕੇ।’’ ਉਨ੍ਹਾਂ ਕਿਹਾ ਕਿ ਜਦੋਂ ਮੱਧ ਵਰਗ ਮਜ਼ਬੂਤ ਹੋਵੇਗਾ ਤਾਂ ਅਮਰੀਕਾ ਵੀ ਮਜ਼ਬੂਤ ਹੋਵੇਗਾ। ਹੈਰਿਸ ਨੇ ਦੋਸ਼ ਲਾਇਆ ਕਿ ਟਰੰਪ ਦੇਸ਼ ਨੂੰ ਪਿਛਾਂਹ ਲਿਜਾਉਣਾ ਚਾਹੁੰਦੇ ਹਨ।