ਭਾਰਤ ਬੰਦ: ਬਿਹਾਰ, ਝਾਰਖੰਡ ਤੇ ਕਬਾਇਲੀ ਇਲਾਕਿਆਂ ’ਚ ਭਰਵਾਂ ਹੁੰਗਾਰਾ

ਭਾਰਤ ਬੰਦ: ਬਿਹਾਰ, ਝਾਰਖੰਡ ਤੇ ਕਬਾਇਲੀ ਇਲਾਕਿਆਂ ’ਚ ਭਰਵਾਂ ਹੁੰਗਾਰਾ

ਭਾਰਤ ਬੰਦ: ਬਿਹਾਰ, ਝਾਰਖੰਡ ਤੇ ਕਬਾਇਲੀ ਇਲਾਕਿਆਂ ’ਚ ਭਰਵਾਂ ਹੁੰਗਾਰਾ
ਨਵੀਂ ਦਿੱਲੀ/ਪਟਨਾ-ਭਾਰਤ ਬੰਦ ਨੂੰ ਅੱਜ ਬਿਹਾਰ, ਝਾਰਖੰਡ ਅਤੇ ਵੱਖ ਵੱਖ ਸੂਬਿਆਂ ਦੇ ਕਬਾਇਲੀ ਇਲਾਕਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬੰਦ ਕਾਰਨ ਇਥੇ ਆਮ ਜਨਜੀਵਨ ਠੱਪ ਰਿਹਾ। ਪਟਨਾ, ਦਰਭੰਗਾ ਅਤੇ ਬੇਗੂਸਰਾਏ ਸਣੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਲਾਠੀਚਾਰਜ ਦੀ ਘਟਨਾ ਪਟਨਾ ਦੇ ਡਾਕ ਬੰਗਲਾ ਚੌਕ ‘ਤੇ ਵਾਪਰੀ, ਜਿੱਥੇ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ। ਉਨ੍ਹਾਂ ਨੇ ਹੱਥਾਂ ਵਿੱਚ ਪੋਸਟਰ ਅਤੇ ਝੰਡੇ ਫੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਦੀ ਵੱਡੀ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। ਪੂਰਨੀਆ ਵਿੱਚ ਪ੍ਰਦਰਸ਼ਨਾਂ ਨੂੰ ਆਜ਼ਾਦ ਸੰਸਦ ਮੈਂਬਰ ਰਾਜੇਸ਼ ਰੰਜਨ, ਜਿਸ ਨੂੰ ਪੱਪੂ ਯਾਦਵ ਵੀ ਕਿਹਾ ਜਾਂਦਾ ਹੈ, ਦਾ ਸਮਰਥਨ ਹਾਸਲ ਸੀ। ਪ੍ਰਦਰਸ਼ਨ ਸਿਰਫ਼ ਪਟਨਾ ਅਤੇ ਪੂਰਨੀਆ ਤੱਕ ਹੀ ਸੀਮਿਤ ਨਹੀਂ ਸੀ ਸਗੋਂ ਬਿਹਾਰ ਦੇ ਦਰਭੰਗਾ, ਹਾਜੀਪੁਰ, ਜਹਾਨਾਬਾਦ, ਨਵਾਦਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਇਸ ਦਾ ਅਸਰ ਦੇਖਿਆ ਗਿਆ। ਝਾਰਖੰਡ ਅਤੇ ਉੜੀਆ ਵਿੱਚ ਟਰਾਂਸਪੋਰਟ ਸੇਵਾਵਾਂ ਅੰਸ਼ਕ ਤੌਰ ’ਤੇ ਪ੍ਰਭਾਵਿਤ ਹੋਈਆਂ। ਦੇਸ਼ ਭਰ ਦੀਆਂ 21 ਸੰਸਥਾਵਾਂ ਨੇ ਸਿਖਰਲੀ ਅਦਾਲਤ ਦੇ ਹੁਕਮਾਂ ਖਿਲਾਫ਼ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਨੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਰੇਲ ਅਤੇ ਸੜਕੀ ਆਵਾਜਾਈ ਰੋਕੀ। ਦਰਭੰਗਾ ਅਤੇ ਬਕਸਰ ਵਿੱਚ ਰੇਲ ਸੇਵਾ ਪ੍ਰਭਾਵਿਤ ਹੋਈ। ਆਰਜੇਡੀ ਅਤੇ ਇੰਡੀਆ ਬਲਾਕ ਦੇ ਹੋਰਨਾਂ ਭਾਈਵਾਲਾਂ ਨੇ ਬੰਦ ਨੂੰ ਸਮਰਥਨ ਦਿੱਤਾ ਸੀ। ਝਾਰਖੰਡ ਵਿੱਚ ਸਕੂਲ ਤੇ ਸਰਕਾਰੀ ਟਰਾਂਸਪੋਰਟ ਬੰਦ ਰਹੀ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹੜਤਾਲ ਕਾਰਨ ਆਪਣਾ ਪਲਾਮੂ ਦੌਰਾ ਰੱਦ ਕਰ ਦਿੱਤਾ। ਰਾਂਚੀ ਯੂਨੀਵਰਸਿਟੀ ਵਿੱਚ ਬੀਐਡ ਦਾ ਪ੍ਰੈਕਟੀਕਲ ਮੁਲਤਵੀ ਕਰ ਦਿੱਤਾ ਗਿਆ। ਦਫ਼ਤਰ ਵਿੱਚ ਮੁਲਾਜ਼ਮਾਂ ਦੀ ਗਿਣਤੀ ਘੱਟ ਰਹੀ। ਉੜੀਸਾ ਵਿੱਚ ਰੇਲ ਅਤੇ ਟਰਾਂਸਪੋਰਟ ਸੇਵਾ ਅੰਸ਼ਕ ਤੌਰ ’ਤੇ ਪ੍ਰਭਾਵਿਤ ਰਹੀ। ਦਾਂਤੇਵਾੜਾ ਵਿੱਚ ਵੱਡੀ ਮੋਟਰਸਾਈਕਲ ਰੈਲੀ ਕੱਢੀ ਗਈ। ਗੁਜਰਾਤ ਅਤੇ ਉੱਤਰਪ੍ਰਦੇਸ਼ ਵਿੱਚ ਵੀ ਬੰਦ ਦਾ ਕੁਝ ਅਸਰ ਦੇਖਣ ਨੂੰ ਮਿਲਿਆ। ਭੀਮ ਆਰਮੀ ਨੇ ਪੱਛਮੀ ਉਤਰ ਪ੍ਰਦੇਸ਼ ਵਿੱਚ ਰੋਸ ਮੁਜ਼ਾਹਰੇ ਕੀਤੇ। ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਨੇ ਐਕਸ ’ਤੇ ਕਿਹਾ ਕਿ ਅੱਜ ਦੇ ਅੰਦੋਲਨ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਹੁਣ ਬਹੁਜਨ ਸਮਾਜ ਵੰਡ ਤੇ ਰਾਜ ਕਰੋ ਦੀ ਸਾਜ਼ਿਸ਼ ਬਰਦਾਸ਼ਤ ਨਹੀਂ ਕਰੇਗਾ। ਹੋਰਨਾਂ ਉੱਤਰੀ ਸੂਬਿਆਂ ਰਾਜਸਥਾਨ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੰਦ ਦਾ ਮੱਠਾ ਅਸਰ ਰਿਹਾ।

Radio Mirchi