ਓਲੰਪੀਅਨ ਵਿਨੇਸ਼ ਫੋਗਾਟ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ

ਓਲੰਪੀਅਨ ਵਿਨੇਸ਼ ਫੋਗਾਟ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ-ਭਾਰਤ ਦੀ ਕੁਸ਼ਤੀ ਖਿਡਾਰਨ ਤੇ ਓਲੰਪੀਅਨ ਵਿਨੇਸ਼ ਫੋਗਾਟ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਮਾਨਵਤਾ ਦੇ ਭਲੇ ਲਈ ਕੰਮ ਕਰਨ ਦੀ ਚਾਹਵਾਨ ਹੈ। ਓਲੰਪਿਕ ਖੇਡਾਂ ਤੋਂ ਪਰਤਣ ਮਗਰੋਂ ਵਿਨੇਸ਼ ਫੋਗਾਟ ਪਹਿਲੀ ਵਾਰ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ। ਇਸ ਮੌਕੇ ਉਸ ਦੇ ਪਤੀ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਨਾਲ ਸਨ। ਇਸ ਮੌਕੇ ਵਿਨੇਸ਼ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਵਿਨੇਸ਼ ਨੇ ਆਖਿਆ ਕਿ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਉਸ ਨੂੰ ਸਕੂਨ ਤੇ ਨਵੀਂ ਚੇਤਨਾ ਮਿਲੀ ਹੈ। ਉਹ ਅੱਜ ਜਿਸ ਵੀ ਮੁਕਾਮ ’ਤੇ ਪੁੱਜੀ ਹੈ, ਉਹ ਗੁਰੂ ਘਰ ਦੀ ਕਿਰਪਾ ਸਦਕਾ ਹੈ। ਉਸ ਨੇ ਅੱਜ ਵੀ ਗੁਰੂ ਘਰ ਵਿੱਚ ਅਰਦਾਸ ਕੀਤੀ ਹੈ ਕਿ ਪਰਮਾਤਮਾ ਉਸ ਨੂੰ ਮਾਨਵਤਾ ਦੇ ਭਲੇ ਲਈ ਚੰਗੇ ਕੰਮ ਕਰਨ ਵਾਸਤੇ ਰਾਹ ਦਿਖਾਵੇ। ਆਪਣੇ ਭਵਿੱਖ ਦੀ ਯੋਜਨਾ ਅਤੇ ਆਪਣੀ ਖੇਡ ਨੂੰ ਨਿਰੰਤਰ ਜਾਰੀ ਰੱਖਣ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ। ਦੱਸਣਯੋਗ ਹੈ ਕਿ ਵਿਨੇਸ਼ ਫੋਗਾਟ ਨੂੰ ਓਲੰਪਿਕ ਖੇਡਾਂ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਸਿਰਫ 100 ਗ੍ਰਾਮ ਵੱਧ ਭਾਰ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ।