ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ’ਚ ਕਟੌਤੀ

ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ’ਚ ਕਟੌਤੀ

ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ’ਚ ਕਟੌਤੀ
ਓਟਵਾ, - ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਦਾ ਇਹ ਫੈਸਲਾ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਨੂੰ ਅਸਰਅੰਦਾਜ਼ ਕਰ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਰਾਤ ਨੂੰ ਐਕਸ ’ਤੇ ਪੋਸਟ ਵਿਚ ਕਿਹਾ, ‘ਅਸੀਂ ਇਸ ਸਾਲ 35 ਫੀਸਦ ਘੱਟ ਕੌਮਾਂਤਰੀ ਵਿਦਿਆਰਥੀ ਪਰਮਿਟ ਦਿੱਤੇ ਹਨ। ਅਗਲੇ ਸਾਲ ਅਸੀਂ ਇਨ੍ਹਾਂ ਦੀ ਗਿਣਤੀ ਵਿਚ 10 ਫੀਸਦ ਹੋਰ ਕਟੌਤੀ ਕਰਾਂਗੇ। ਇਮੀਗ੍ਰੇਸ਼ਨ ਸਾਡੇ ਅਰਥਚਾਰੇ ਲਈ ਵਾਧਾ ਹੈ ਪਰ ਜਦੋਂ ਮਾੜੇ ਅਨਸਰ ਕਿਸੇ ਪ੍ਰਬੰਧ ਦੀ ਦੁਰਵਰਤੋਂ ਕਰਦੇ ਹਨ ਤੇ ਵਿਦਿਆਰਥੀਆਂ ਦਾ ਲਾਹਾ ਲੈਂਦੇ ਹਨ, ਅਸੀਂ ਇਸ ਨੂੰ ਰੋਕਦੇ ਹਾਂ।’ ਟਰੂਡੋ ਸਰਕਾਰ ਨੇ ਇਹ ਕਦਮ ਅਜਿਹੇ ਮੌਕੇ ਚੁੱਕਿਆ ਹੈ, ਜਦੋਂ ਕੈਨੇਡੀਅਨ ਸਰਕਾਰ ਅਸਥਾਈ ਰੈਜ਼ੀਡੈਂਟਜ਼ ਦੀ ਗਿਣਤੀ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ। ਕੈਨੇਡਾ ਭਾਰਤੀ ਵਿਦਿਆਰਥੀਆਂ ਦਾ ਸਭ ਤੋਂ ਪਸੰਦੀਦਾ ਟਿਕਾਣਾ ਹੈ। ਟਰੂੂਡੋ ਦਾ ਇਹ ਐਲਾਨ ਕੈਨੇਡਾ ਵਿਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਕਈ ਭਾਰਤੀ ਵਿਦਿਆਰਥੀਆਂ ਨੂੰ ਅਸਰਅੰਦਾਜ਼ ਕਰੇਗਾ। ਓਟਵਾ ਵਿਚ ਭਾਰਤੀ ਹਾਈ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਸਿੱਖਿਆ ਭਾਰਤ ਤੇ ਕੈਨੇਡਾ ਦਰਮਿਆਨ ਪਰਸਪਰ ਹਿੱਤ ਵਾਲਾ ਅਹਿਮ ਖੇਤਰ ਹੈ। ਭਾਰਤ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਅੰਦਾਜ਼ੇ ਮੁਤਾਬਕ ਕੈਨੇਡਾ ਵਿਚ ਇਸ ਵੇਲੇ 4.27 ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।

Radio Mirchi