ਹੈਰਿਸ ਵੱਲੋਂ ਟਰੰਪ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ

ਹੈਰਿਸ ਵੱਲੋਂ ਟਰੰਪ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ
ਵਾਸ਼ਿੰਗਟਨ - ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਹੈਲਨ ਚੱਕਰਵਾਤ ਨਾਲ ਹੋਈ ਤਬਾਹੀ ਨੂੰ ਰੋਕਣ ਲਈ ਸੰਘੀ ਕੋਸ਼ਿਸ਼ਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਹੱਦੋਂ ਵੱਧ ਗੈਰ-ਜ਼ਿੰਮੇਵਾਰ ਕਰਾਰ ਦਿੱਤਾ ਹੈ। ਹਵਾਈ ਸੈਨਾ ਦੇ ਜਹਾਜ਼ ਵਿੱਚ ਨਿਊਯਾਰਕ ਲਈ ਰਵਾਨਾ ਹੋਣ ਤੋਂ ਪਹਿਲਾਂ ਹੈਰਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਸਾਬਕਾ ਰਾਸ਼ਟਰਪਤੀ ਵੱਲੋਂ ਅਸਲ ਸਥਿਤੀ ਤੋਂ ਉਲਟ ਵੱਡੀ ਪੱਧਰ ’ਤੇ ਗਲਤ ਜਾਣਕਾਰੀ ਫੈਲਾਈ ਗਈ, ਖ਼ਾਸ ਕਰ ਕੇ ਹੈਲਨ ਚੱਕਰਵਾਤ ਤੋਂ ਬਚਣ ਵਾਲੇ ਲੋਕਾਂ ਬਾਰੇ।’ ਉਨ੍ਹਾਂ ਕਿਹਾ ਕਿ ਇਹ ਸਾਬਕਾ ਰਾਸ਼ਟਰਪਤੀ ਦਾ ਸਾਧਾਰਨ ਨਾਲੋਂ ਵਧ ਕੇ ਗੈਰ ਜ਼ਿੰਮੇਵਾਰ ਰਵੱਈਆ ਹੈ। ਹੈਲੇਨ ਨਾਲ ਛੇ ਸੂਬਿਆਂ ਵਿੱਚ 220 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ ਕੈਟਾਗਰੀ 5 ਚੱਕਰਵਾਤ ਹੁਣ ਫਲੋਰੀਡਾ ਖਾੜੀ ਤੱਟ ਵੱਲ ਵਧ ਰਿਹਾ ਹੈ।
ਹੈਰਿਸ ਨੇ ਕਿਹਾ, ‘ਅਸਲੀਅਤ ਇਹ ਹੈ ਕਿ ਫੇਮਾ ਕੋਲ ਕਾਫੀ ਸਰੋਤ ਹਨ, ਜੋ ਉਨ੍ਹਾਂ ਲੋਕਾਂ ਲਈ ਉਪਲਬਧ ਹਨ, ਜਿਨ੍ਹਾਂ ਨੂੰ ਇਸ ਦੀ ਕਾਫੀ ਲੋੜ ਹੈ। ਲੋਕ ਇਨ੍ਹਾਂ ਸਰੋਤਾਂ ਦੀ ਵਰਤੋਂ ਕਰਨ ਦੇ ਯੋਗ ਹਨ ਅਤੇ ਇਹ ਸਭ ਤੋਂ ਜ਼ਰੂਰੀ ਹੈ ਕਿ ਲੋਕ ਮਦਦ ਲੈਣ ਲਈ ਸੰਪਰਕ ਕਰਨ।’