ਅਮਰੀਕੀ ਯੂਨੀਵਰਸਿਟੀਆਂ ਕਰਨਗੀਆਂ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਦਾ ਮਾਰਗਦਰਸ਼ਨ
ਅਮਰੀਕੀ ਯੂਨੀਵਰਸਿਟੀਆਂ ਕਰਨਗੀਆਂ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਦਾ ਮਾਰਗਦਰਸ਼ਨ
ਵਾਸ਼ਿੰਗਟਨ - ਅਮਰੀਕਾ ਦੀਆਂ ਵੱਕਾਰੀ ਯੂੁਨੀਵਰਸਿਟੀਆਂ ਵਿੱਚ ਭਾਰਤੀ ਅਤੇ ਭਾਰਤੀ ਮੂਲ ਦੇ ਫੈਕਲਟੀ ਮੈਂਬਰ ਹੁਣ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਦਾ ਵਿਲੱਖਣ ‘ਮਾਰਗ’ ਲੜੀ ਤਹਿਤ ਮਾਰਗ ਦਰਸ਼ਨ ਕਰਨਗੇ। ਅੱਜ ਇਸ ਪਹਿਲਕਦਮੀ ਦਾ ਐਲਾਨ ਅੱਜ ਕੀਤਾ ਗਿਆ। ਅਮਰੀਕਾ ’ਚ ਭਾਰਤੀ ਸਫਾਰਤਖ਼ਾਨੇ ਨੇ ਬਿਆਨ ’ਚ ਕਿਹਾ ਕਿ ਵਰਚੁਅਲੀ ਮਾਰਗਦਰਸ਼ਕ ‘ਮਾਰਗ’ (ਅਕਾਦਮਿਕ ਸਰਵੋਤਮ ਅਤੇ ਖੋਜ ਮਾਰਗਦਰਸ਼ਨ) ਲੜੀ ਸਿੱਖਿਆ ਮੰਤਰਾਲੇ ਅਤੇ ਭਾਰਤ ਦੇ ਯੂੁਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੇ ਤਾਲਮੇਲ ਨਾਲ ਕੀਤੀ ਗਈ ਪਹਿਲਕਦਮੀ ਹੈ ਅਤੇ ਇਹ ਭਾਰਤੀ ਯੂਨੀਵਰਸਿਟੀਆਂ ਖਾਸਕਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਵਿਦਿਆਰਥੀਆਂ ਨੂੰ ਸਿਖਰਲੀਆਂ ਅਮਰੀਕੀ ਯੂਨੀਵਰਸਿਟੀਆਂ ਨਾਲ ਜੋੜਣ ਦੀ ਪਹਿਲ ਕਰਦੀ ਹੈ। ਇਸ ਦਾ ਮਕਸਦ ਭਾਰਤੀ ਵਿਦਿਆਰਥੀਆਂ ਤੇ ਖੋਜੀਆਂ ਨੂੰ ਉਨ੍ਹਾਂ ਦੇ ਖੋਜ ਦੇ ਖੇਤਰਾਂ ’ਚ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣਾ ਅਤੇ ਅਮਰੀਕਾ ਦੇ ਪ੍ਰਸੰਗਿਕ ਮਾਹਿਰਾਂ ਤੋਂ ਗਿਆਨ, ਬਿਹਤਰ ਭਵਿੱਖ ਬਣਾਉਣ ਲਈ ਸਲਾਹ, ਹੁਨਰ ਅਤੇ ਖੋਜ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਬਿਆਨ ਮੁਤਾਬਕ ਸਟੈਨਫੋਰਡ, ਪੀਡੀਯੂ, ਮੈਰੀਯੂਨੀਵਰਸਿਟੀ ਤੇ ਜੌਰਜ ਮੈਸਨ ਯੂਨੀਵਰਸਿਟੀ ਤੋਂ ਭਾਰਤੀ ਮੂਲ ਦੇ ਫੈਕਲਟੀ ਮੈਂਬਰ ਇਸ ਲੜੀ ਦੇ ਪਹਿਲੇ ਗੇੜ ’ਚ ਹਿੱਸਾ ਲੈਣਗੇ। ਅਮਰੀਕਾ ’ਚ ਭਾਰਤ ਦੀ ਉਪ ਮੁੱਖ ਰਾਜਦੂਤ ਸ੍ਰੀਪ੍ਰਿਆ ਰੰਗਨਾਥਨ ਨੇ ਕਿਹਾ ਕਿ ਇਹ ਪ੍ਰਣਾਲੀ ਭਾਰਤ ਅਤੇ ਅਮਰੀਕਾ ਵਿਚਾਲੇ ਸਿੱਖਿਆ-ਖੋਜ-ਤਕਨੀਕ ਭਾਈਵਾਲੀ ਨੂੰ ਮਜ਼ਬੂਤ ਬਣਾਉਣ ’ਚ ਸਹਾਈ ਹੋਵੇਗੀ।