ਗਾਜ਼ਾ ’ਤੇ ਇਜ਼ਰਾਇਲੀ ਹਮਲੇ ’ਚ 22 ਮੌਤਾਂ
ਗਾਜ਼ਾ ’ਤੇ ਇਜ਼ਰਾਇਲੀ ਹਮਲੇ ’ਚ 22 ਮੌਤਾਂ
ਤਲ ਅਵੀਵ-ਉੱਤਰੀ ਗਾਜ਼ਾ ’ਤੇ ਇਜ਼ਰਾਇਲੀ ਹਮਲੇ ’ਚ 22 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਕ ਵੱਖਰੇ ਘਟਨਾਕ੍ਰਮ ਤਹਿਤ ਇਜ਼ਰਾਇਲੀ ਸ਼ਹਿਰ ਤਲ ਅਵੀਵ ਨੇੜੇ ਇਕ ਬਸ ਸਟਾਪ ’ਤੇ ਖੜ੍ਹੇ ਲੋਕਾਂ ਉਪਰ ਇਕ ਵਿਅਕਤੀ ਨੇ ਟਰੱਕ ਚੜ੍ਹਾ ਦਿੱਤਾ ਜਿਸ ਨਾਲ 35 ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਇਜ਼ਰਾਈਲ ਦੀ ਜਾਸੂਸੀ ਏਜੰਸੀ ਮੋਸਾਦ ਦੇ ਹੈੱਡਕੁਆਰਟਰ ਨੇੜੇ ਵਾਪਰਿਆ ਹੈ। ਇਜ਼ਰਾਇਲੀ ਪੁਲੀਸ ਦੇ ਤਰਜਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਘਟਨਾ ਨੂੰ ਦਹਿਸ਼ਤੀ ਹਮਲਾ ਮੰਨ ਕੇ ਚੱਲ ਰਹੇ ਹਨ। ਉਸ ਨੇ ਦੱਸਿਆ ਕਿ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ। ਮੇਗਨ ਡੇਵਿਡ ਅਡੋਮ ਰਾਹਤ ਸੇਵਾ ਨੇ ਕਿਹਾ ਕਿ ਜ਼ਖ਼ਮੀਆਂ ’ਚੋਂ ਛੇ ਦੀ ਹਾਲਤ ਗੰਭੀਰ ਹੈ। ਉਧਰ ਦੱਖਣੀ ਲਿਬਨਾਨ ’ਚ ਜੰਗ ਦੌਰਾਨ ਚਾਰ ਇਜ਼ਰਾਇਲੀ ਸੈਨਿਕ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਪੰਜ ਹੋਰ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਗਾਜ਼ਾ ਸਿਹਤ ਮੰਤਰਾਲੇ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਸ਼ਨਿਚਰਵਾਰ ਦੇਰ ਰਾਤ ਉੱਤਰੀ ਗਾਜ਼ਾ ਦੇ ਬੇਇਤ ਲਾਹੀਆ ’ਚ ਹੋਏ ਹਮਲੇ ’ਚ ਮਾਰੇ ਗਏ 22 ਵਿਅਕਤੀਆਂ ’ਚ 11 ਔਰਤਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ। ਉਸ ਨੇ ਕਿਹਾ ਕਿ 15 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਬੇਇਤ ਲਾਹੀਆ ’ਚ ਸਟੀਕ ਹਮਲਾ ਕੀਤਾ ਹੈ ਅਤੇ ਆਮ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਕਦਮ ਚੁੱਕੇ ਗਏ ਸਨ।