ਅਮਰੀਕਾ ਤੇ ਕੈਨੇਡਾ ’ਚ ‘ਸਪਾਈ ਨੈੱਟਵਰਕ’ ਚਲਾ ਰਹੇ ਨੇ ਭਾਰਤੀ ਕੌਂਸਲਖਾਨੇ: ਪੰਨੂ
ਅਮਰੀਕਾ ਤੇ ਕੈਨੇਡਾ ’ਚ ‘ਸਪਾਈ ਨੈੱਟਵਰਕ’ ਚਲਾ ਰਹੇ ਨੇ ਭਾਰਤੀ ਕੌਂਸਲਖਾਨੇ: ਪੰਨੂ
ਨਿਊ ਯਾਰਕ - ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇੰਟਰਵਿਊ ਦੌਰਾਨ ਦਾਅਵਾ ਕੀਤਾ ਹੈ ਕਿ ਭਾਰਤੀ ਕੌਂਸਲਖਾਨੇ ਅਮਰੀਕਾ ਤੇ ਕੈਨੇਡਾ ਵਿਚ ‘ਸਪਾਈ ਨੈੱਟਵਰਕ’ ਚਲਾ ਰਹੇ ਹਨ। ਪੰਨੂ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਲੇ ਭਾਰਤੀ ਕੌਂਸੁਲੇਟ ਸਥਾਈ ਤੌਰ ’ਤੇ ਬੰਦ ਕੀਤੇ ਜਾਣ ਤੇ ਪ੍ਰਧਾਨ ਮੰਤਰੀ ਮੋਦੀ ਜਿਹੇ ਨਿਜ਼ਾਮਾਂ ਨੂੰ ਅਮਰੀਕਾ ਜਾਂ ਕੈਨੇਡਾ ਵਿਚ ਦਾਖ਼ਲੇ ਦੀ ਇਜਾਜ਼ਤ ਨਾ ਦਿੱਤੀ ਜਾਵੇ। ਪੰਨੂ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ੀ ਸਰਜ਼ਮੀਨ ਉੱਤੇ ਵਿਰੋਧੀ ਸੁਰਾਂ ਨੂੰ ਖਾਮੋਸ਼ ਕਰਨ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਖਿਲਾਫ਼ ਸਖ਼ਤ ਕਾਰਵਾਈ ਕਰੇ। ਪੰਨੂ ਨੇ ਮਹੀਨੇ ਦੇ ਸ਼ੁਰੂ ਵਿਚ ਰਾਇਟਰਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੂੰ ਵਿਦੇਸ਼ੀ ਮੁਲਕਾਂ ਵਿਚ ਵੈਰ-ਵਿਰੋਧ ਵਾਲੀਆਂ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਪੰਨੂ ਨੇ ਦਾਅਵਾ ਕੀਤਾ ਕਿ ਅਮਰੀਕਾ ਤੇ ਕੈਨੇਡਾ ਵਿਚਲੇ ਭਾਰਤੀ ਕੌਂਸੁਲੇਟ ‘ਸਪਾਈ ਨੈੱਟਵਰਕ’ ਚਲਾ ਰਹੇ ਹਨ, ਹਾਲਾਂਕਿ ਵੱਖਵਾਦੀ ਆਗੂ ਇਨ੍ਹਾਂ ਦਾਅਵਿਆਂ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਫੌਰੀ ਕੋਈ ਜਵਾਬ ਨਹੀਂ ਦਿੱਤਾ। ਅਮਰੀਕਾ ਤੇ ਕੈਨੇਡਾ ਨੇ ਵੀ ਦੋਸ਼ਾਂ ਬਾਰੇ ਟਿੱਪਣੀ ਤੋਂ ਨਾਂਹ ਕਰ ਦਿੱਤੀ ਹੈ।